ਬਿਹਾਰ ਲੋਕ ਸੇਵਾ ਕਮਿਸ਼ਨ ਪ੍ਰੀਖਿਆ ਵਿਵਾਦ, ਪ੍ਰਸ਼ਾਂਤ ਕਿਸ਼ੋਰ ਦਾ ਮਰਨ ਵਰਤ ਜਾਰੀ
Saturday, Jan 04, 2025 - 12:40 AM (IST)
ਪਟਨਾ, (ਭਾਸ਼ਾ)- ਬਿਹਾਰ ਲੋਕ ਸੇਵਾ ਕਮਿਸ਼ਨ (ਬੀ. ਪੀ. ਐੱਸ. ਸੀ.) ਦੀ 13 ਦਸੰਬਰ ਨੂੰ ਆਯੋਜਿਤ 70ਵੀਂ ਸੰਯੁਕਤ (ਸ਼ੁਰੂਆਤੀ) ਪ੍ਰਤੀਯੋਗੀ ਪ੍ਰੀਖਿਆ (ਸੀ. ਸੀ. ਈ.) ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਨ ਸਵਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਦਾ ਗਾਂਧੀ ਮੈਦਾਨ ਵਿਚ ਮਰਨ ਵਰਤ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ।
ਜਦੋਂ ਕਿ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਬੀ. ਪੀ. ਐੱਸ. ਸੀ. 13 ਦਸੰਬਰ ਨੂੰ ਆਯੋਜਿਤ 70ਵੀਂ ਸੰਯੁਕਤ (ਸ਼ੁੱਕਰਵਾਰ) ਪ੍ਰਤੀਯੋਗੀ ਪ੍ਰੀਖਿਆ ਦਾ ਕਥਿਤ ਤੌਰ ’ਤੇ ਪੇਪਰ ਲੀਕ ਹੋਣ ’ਤੇ ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 2 ਹਫ਼ਤਿਆਂ ਤੋਂ ਪ੍ਰਦਰਸ਼ਨ ਜਾਰੀ ਹੈ।
ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਆਪਣੇ ਸਮਰਥਕਾਂ ਨਾਲ ਪਟਨਾ ਦੇ ਕਈ ਹਿੱਸਿਆਂ ਦੇ ਨਾਲ-ਨਾਲ ਅਰਰੀਆ, ਪੂਰਨੀਆ, ਮੁਜ਼ੱਫਰਪੁਰ ਆਦਿ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਰੇਲ ਅਤੇ ਸੜਕੀ ਆਵਾਜਾਈ ਰੋਕ ਦਿੱਤੀ। ਯਾਦਵ ਦੇ ਸਮਰਥਕਾਂ ਨੇ ਹਾਲ ਹੀ ਵਿਚ ਆਯੋਜਿਤ ਬੀ. ਪੀ. ਐੱਸ. ਸੀ. ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟਨਾ ਦੇ ਸਕੱਤਰੇਤ ਹਾਲਟ ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਮੁਹਿੰਮ ਚਲਾਈ। ਉਹ ਕੁਝ ਸਮੇਂ ਲਈ ਪਟੜੀਆਂ ’ਤੇ ਬੈਠ ਗਏ, ਜਿਸ ਕਾਰਨ ਟਰੇਨਾਂ ਦੀ ਆਵਾਜਾਈ ’ਚ ਦੇਰੀ ਹੋਈ।