ਮਾਂ ਦੀ ਇੱਕ ਗਲਤੀ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਘਰ, 12ਵੀਂ ਮੰਜ਼ਿਲ ਤੋਂ ਡਿੱਗਿਆ ਮੁੰਡਾ
Sunday, Mar 22, 2026 - 12:11 AM (IST)
ਗ੍ਰੇਟਰ ਨੋਇਡਾ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਗੌਰ ਸਿਟੀ-2 ਦੀ 7ਵੀਂ ਐਵੇਨਿਊ ਸੁਸਾਇਟੀ ਵਿੱਚ ਇੱਕ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ। ਇੱਥੇ ਆਪਣੇ ਘਰ ਵਿੱਚ ਇਕੱਲੇ ਰਹੇ ਇੱਕ 3 ਸਾਲਾ ਬੱਚੇ ਦੀ 12ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਬੱਚੇ ਦੀ ਮਾਂ, ਮੰਜੂ ਪਾਲ, ਆਪਣੇ ਵੱਡੇ ਬੇਟੇ (7 ਸਾਲ) ਨੂੰ ਸੁਸਾਇਟੀ ਦੇ ਨੇੜੇ ਹੀ ਟਿਊਸ਼ਨ ਛੱਡਣ ਗਈ ਸੀ। ਉਸ ਸਮੇਂ ਛੋਟਾ ਬੇਟਾ ਸਾਗਨਿਕ ਸੌ ਰਿਹਾ ਸੀ। ਮਾਂ ਨੇ ਸੋਚਿਆ ਕਿ ਉਹ ਜਲਦੀ ਵਾਪਸ ਆ ਜਾਵੇਗੀ, ਇਸ ਲਈ ਉਸ ਨੇ ਸੌਂ ਰਹੇ ਬੱਚੇ ਨੂੰ ਜਗਾਉਣ ਜਾਂ ਨਾਲ ਲੈ ਕੇ ਜਾਣ ਦੀ ਬਜਾਏ ਘਰ ਵਿੱਚ ਇਕੱਲਾ ਛੱਡ ਦਿੱਤਾ। ਪਰ ਇਹੀ ਫੈਸਲਾ ਪਰਿਵਾਰ ਲਈ ਕਹਿਰ ਬਣ ਕੇ ਟੁੱਟਿਆ।
ਮਾਂ ਦੇ ਜਾਣ ਤੋਂ ਬਾਅਦ ਸਾਗਨਿਕ ਅਚਾਨਕ ਨੀਂਦ ਤੋਂ ਜਾਗ ਪਿਆ ਅਤੇ ਆਪਣੀ ਮਾਂ ਨੂੰ ਲੱਭਦਾ ਹੋਇਆ ਬਾਲਕੋਨੀ ਵੱਲ ਚਲਾ ਗਿਆ। ਬਦਕਿਸਮਤੀ ਨਾਲ ਬਾਲਕੋਨੀ ਵਿੱਚ ਇੱਕ ਕੁਰਸੀ ਪਈ ਸੀ, ਜਿਸ 'ਤੇ ਚੜ੍ਹ ਕੇ ਉਹ ਰੇਲਿੰਗ ਤੋਂ ਬਾਹਰ ਝਾਕਣ ਲੱਗਾ। ਇਸ ਦੌਰਾਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ 12ਵੀਂ ਮੰਜ਼ਿਲ ਤੋਂ ਸਿੱਧਾ ਹੇਠਾਂ ਜਾ ਡਿੱਗਿਆ। ਬੱਚੇ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਬੇਹੱਦ ਗੰਭੀਰ ਸੱਟਾਂ ਲੱਗੀਆਂ ਸਨ।
ਬੱਚੇ ਨੂੰ ਡਿੱਗਦਾ ਦੇਖ ਸੁਸਾਇਟੀ ਦੇ ਲੋਕਾਂ ਅਤੇ ਸੁਰੱਖਿਆ ਗਾਰਡਾਂ ਵਿੱਚ ਹੜਕੰਪ ਮਚ ਗਿਆ। ਜ਼ਖਮੀ ਹਾਲਤ ਵਿੱਚ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਮਾਂ ਹਸਪਤਾਲ ਪਹੁੰਚੀ ਤਾਂ ਆਪਣੇ ਮਾਸੂਮ ਪੁੱਤ ਦੀ ਇਹ ਹਾਲਤ ਦੇਖ ਕੇ ਉਹ ਦਹਾੜਾਂ ਮਾਰ ਕੇ ਰੋਣ ਲੱਗੀ ਅਤੇ ਬੇਹੋਸ਼ ਹੋ ਗਈ। ਉਹ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਉਹ ਬੱਚੇ ਨੂੰ ਇਕੱਲਾ ਕਿਉਂ ਛੱਡ ਕੇ ਗਈ।
ਬੱਚੇ ਦੇ ਪਿਤਾ, ਸੰਜੇ ਪਾਲ, ਇੱਕ ਵੱਡੀ ਕੰਪਨੀ ਵਿੱਚ ਇੰਜੀਨੀਅਰ ਹਨ। ਇਹ ਪਰਿਵਾਰ ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਲਗਭਗ 9 ਮਹੀਨੇ ਪਹਿਲਾਂ ਹੀ ਗ੍ਰੇਟਰ ਨੋਇਡਾ ਵਿੱਚ ਰਹਿਣ ਆਇਆ ਸੀ। ਪਰਿਵਾਰ ਵੱਲੋਂ ਕਿਸੇ ਵੀ ਪੁਲਸ ਕਾਰਵਾਈ ਜਾਂ ਪੋਸਟਮਾਰਟਮ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਬੇਹੱਦ ਗ਼ਮਗੀਨ ਮਾਹੌਲ ਵਿੱਚ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
