ਚਿੱਟੇ ਦਿਨ ਘਰ ''ਚ ਆ ਵੜੇ ਲੁਟੇਰੇ ! ਮਾਂ-ਪੁੱਤ ਨੂੰ ਰੱਸੀਆਂ ਨਾਲ ਬੰਨ੍ਹ ਖੌਫਨਾਕ ਵਾਰਦਾਤ ਨੂੰ ਦਿੱਤਾ ਅੰਜਾਮ
Monday, Aug 03, 2026 - 07:14 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦਿਆਂ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਦਿਨ-ਦਿਹਾੜੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਚਕੇਰੀ ਥਾਣਾ ਖੇਤਰ ਦੇ ਸ਼ਿਆਮ ਨਗਰ ਦੀ ਹੈ, ਜਿੱਥੇ ਬਦਮਾਸ਼ਾਂ ਨੇ ਇੱਕ ਅਧਿਆਪਕ ਦੇ ਘਰ ਵਿੱਚ ਵੜ ਕੇ ਮਾਂ ਤੇ ਉਸ ਦੇ ਨਾਬਾਲਗ ਪੁੱਤ ਨੂੰ ਹਥਿਆਰਾਂ ਦੇ ਜ਼ੋਰ 'ਤੇ ਬੰਧਕ ਬਣਾ ਲਿਆ ਅਤੇ ਕਰੀਬ 45 ਮਿੰਟ ਤੱਕ ਪੂਰੇ ਘਰ ਨੂੰ ਖੰਗਾਲਿਆ।
ਜਾਣਕਾਰੀ ਅਨੁਸਾਰ ਇਹ ਵਾਰਦਾਤ ਪੇਸ਼ੇ ਤੋਂ ਅਧਿਆਪਕ ਸ਼ਰਦ ਚੰਦਰ ਤ੍ਰਿਪਾਠੀ ਦੇ ਘਰ ਸੋਮਵਾਰ ਸਵੇਰੇ ਕਰੀਬ 11 ਵਜੇ ਵਾਪਰੀ। ਉਸ ਸਮੇਂ ਸ਼ਰਦ ਘਰ ਤੋਂ ਬਾਹਰ ਗਏ ਹੋਏ ਸਨ। ਉਨ੍ਹਾਂ ਦੀ ਪਤਨੀ ਰਚਨਾ ਤ੍ਰਿਪਾਠੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਅਤੇ 16 ਸਾਲਾ ਬੇਟਾ ਦੇਵਾਂਸ਼ ਬਾਹਰਲੇ ਕਮਰੇ ਵਿੱਚ ਪੜ੍ਹਾਈ ਕਰ ਰਿਹਾ ਸੀ। ਇਸੇ ਦੌਰਾਨ ਮੂੰਹ ਢਕੇ ਹੋਏ ਤਿੰਨ ਬਦਮਾਸ਼ ਘਰ ਵਿੱਚ ਦਾਖਲ ਹੋਏ। ਇੱਕ ਮੁਲਜ਼ਮ ਨੇ ਰਸੋਈ ਵਿੱਚ ਜਾ ਕੇ ਰਚਨਾ ਦੀ ਪੁੜਪੜੀ 'ਤੇ ਪਿਸਤੌਲ ਤਾਣ ਦਿੱਤੀ, ਜਦਕਿ ਬਾਕੀ ਦੋ ਨੇ ਦੇਵਾਂਸ਼ ਨੂੰ ਕਾਬੂ ਕਰ ਲਿਆ। ਬਦਮਾਸ਼ਾਂ ਨੇ ਮਾਂ-ਪੁੱਤ ਦੇ ਹੱਥ ਰੱਸੀ ਨਾਲ ਬੰਨ੍ਹ ਦਿੱਤੇ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਅਲਮਾਰੀ ਦੀਆਂ ਚਾਬੀਆਂ ਲੈ ਲਈਆਂ। ਉਨ੍ਹਾਂ ਨੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ, 15 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਥੋਂ ਤੱਕ ਕਿ ਮਹਿਲਾ ਦੇ ਪਾਏ ਹੋਏ ਗਹਿਣੇ ਵੀ ਉਤਰਵਾ ਲਏ। ਵਾਰਦਾਤ ਤੋਂ ਬਾਅਦ ਮੁਲਜ਼ਮ ਦੋਵਾਂ ਨੂੰ ਰਸੋਈ ਵਿੱਚ ਬੰਦ ਕਰਕੇ ਅਪਾਚੇ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਏ।
ਘਟਨਾ ਦਾ ਪਤਾ ਕਰੀਬ ਇੱਕ ਘੰਟੇ ਬਾਅਦ ਲੱਗਿਆ ਜਦੋਂ ਘਰ ਦੀ ਸਫਾਈ ਕਰਨ ਵਾਲੀ ਨੌਕਰਾਣੀ ਪ੍ਰਿਅੰਕਾ ਉੱਥੇ ਪਹੁੰਚੀ। ਘਰ ਦਾ ਸਾਮਾਨ ਖਿਲਰਿਆ ਦੇਖ ਅਤੇ ਰਸੋਈ ਵਿੱਚੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਬੰਧਕ ਬਣੇ ਮਾਂ-ਪੁੱਤ ਨੂੰ ਮੁਕਤ ਕਰਵਾਇਆ। ਸੂਚਨਾ ਮਿਲਦੇ ਹੀ ਡੀਸੀਪੀ ਪੂਰਬੀ ਸੱਤਿਆਜੀਤ ਗੁਪਤਾ ਸਮੇਤ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੂੰ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ, ਜੋ ਸ਼ਾਇਦ ਬਦਮਾਸ਼ਾਂ ਨੇ ਪੁਲਸ ਤੋਂ ਬਚਣ ਲਈ ਸੁੱਟ ਦਿੱਤੇ ਸਨ। ਪੁਲਸ ਦਾ ਮੰਨਣਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਸੀ। ਫਿਲਹਾਲ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਕਈ ਟੀਮਾਂ ਲਗਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
