ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਦਾ ਗੁਹਾਟੀ ’ਚ ਨਿੱਘਾ ਸਵਾਗਤ
Thursday, Aug 12, 2021 - 05:08 PM (IST)

ਗੁਹਾਟੀ (ਵਾਰਤਾ)— ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦਾ ਹਵਾਈ ਅੱਡੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ ਆਯੋਜਿਤ ਸਮਾਰੋਹ ’ਚ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਮਾਣ ਨਾਲ ਸਾਡੀ ਸਟਾਰ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਦਾ ਸਵਾਗਤ ਕਰ ਕੇ ਬਹੁਤ ਚੰਗਾ ਲੱਗਾ। ਉਸ ਨੇ ਟੋਕੀਓ ਓਲੰਪਿਕ ਵਿਚ ਆਪਣੀ ਸਫ਼ਲਤਾ ਨਾਲ ਇਕ ਅਰਬ ਸੁਪਨਿਆਂ ਨੂੰ ਜਗਾਇਆ ਹੈ ਅਤੇ ਵਿਸ਼ਵ ਪੱਧਰ ’ਤੇ ਵੱਡੀ ਉਪਲੱਬਧੀ ਹਾਸਲ ਕਰਨ ਦੀ ਖਾਹਿਸ਼ ਰੱਖਣ ਲਈ ਪੇਂਡੂ ਖੇਤਰਾਂ ’ਚ ਉੱਭਰਦੇ ਖੇਡ ਹੁਨਰਾਂ ਲਈ ਇਕ ਉਦਾਹਰਣ ਸਥਾਪਤ ਕੀਤਾ ਹੈ।
ਲਵਲੀਨਾ ਸ਼ਾਮ ਨੂੰ ਰਾਜਪਾਲ ਜਗਦੀਸ਼ ਮੁਖੀ ਨੂੰ ਵੀ ਮਿਲੇਗੀ ਅਤੇ ਬਾਅਦ ’ਚ ਆਜ਼ਾਦੀ ਦਿਹਾੜਾ ਸਮਾਰੋਹ ’ਚ ਹਿੱਸਾ ਲੈਣ ਲਈ ਦਿੱਲੀ ਪਰਤੇਗੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਲੰਪਿਕ ਜੇਤੂ ਖਿਡਾਰੀਆਂ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਲਵਲੀਨਾ ਨੇ ਟੋਕੀਓ ਓਲੰਪਿਕ ’ਚ ਮਹਿਲਾ ਵੇਲਟਰਵੇਟ (69 ਕਿਲੋਗ੍ਰਾਮ) ਮੁੱਕੇਬਾਜ਼ੀ ਵਿਚ ਕਾਂਸੀ ਤਮਗਾ ਜਿੱਤਿਆ ਸੀ।