ਬੋਰੋਲੀਨ ‘ਪ੍ਰਸਿੱਧ ਟਰੇਡ ਮਾਰਕ’, ਹਾਈ ਕੋਰਟ ਨੇ ਨਕਲ ’ਤੇ ਲਾਈ ਰੋਕ
Tuesday, Aug 27, 2024 - 10:33 PM (IST)
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਟਰੇਡ ਮਾਰਕ ਐਕਟ ਤਹਿਤ ‘ਬੋਰੋਲੀਨ’ ਨੂੰ ਇਕ ‘ਪ੍ਰਸਿੱਧ ਟਰੇਡ ਮਾਰਕ’ ਐਲਾਨਿਆ ਹੈ ਅਤੇ ਇਕ ਕੰਪਨੀ ਨੂੰ ਆਪਣਾ ‘ਟਰੇਡ ਡਰੈੱਸ’ ਬਦਲਣ ਦਾ ਹੁਕਮ ਦਿੱਤਾ ਹੈ ਤਾਂ ਜੋ ਇਹ ਉਸ ਐਂਟੀਸੈਪਟਿਕ ਕ੍ਰੀਮ ਵਰਗੀ ਨਾ ਲੱਗੇ, ਜੋ ਦੇਸ਼ ਵਿਚ ‘ਘਰ-ਘਰ ’ਚ ਜਾਣਿਆ-ਪਛਾਣਿਆ ਨਾਂ’ ਬਣ ਗਈ ਹੈ।
‘ਟਰੇਡ ਡਰੈੱਸ’ ਤੋਂ ਭਾਵ ਕਿਸੇ ਉਤਪਾਦ ਜਾਂ ਸੇਵਾ ਦੇ ਸਮੁੱਚੇ ਸਰੂਪ ਜਾਂ ਡਿਜ਼ਾਈਨ ਤੋਂ ਹੈ, ਜੋ ਇਸ ਨੂੰ ਬਾਜ਼ਾਰ ਵਿਚ ਇਸੇ ਤਰ੍ਹਾਂ ਦੇ ਹੋਰ ਉਤਪਾਦਾਂ ਤੋਂ ਵੱਖ ਕਰਦਾ ਹੈ। ਅਦਾਲਤ ਨੇ ਕਿਹਾ ਕਿ ‘ਬੋਰੋਲੀਨ’ ਟਰੇਡ ਮਾਰਕ ਦੀ ਬਾਜ਼ਾਰ ਵਿਚ ਕਾਫੀ ਸਾਖ ਤੇ ਲੋਕਪ੍ਰਿਯਤਾ ਹੈ ਅਤੇ ਇਹ ਨਾ ਸਿਰਫ ਭਾਰਤ ਸਗੋਂ ਓਮਾਨ ਤੇ ਤੁਰਕੀ ਵਰਗੇ ਦੇਸ਼ਾਂ ਵਿਚ ਵੀ ਮਸ਼ਹੂਰ ਉਤਪਾਦ ਹੈ। ਅਦਾਲਤ ਨੇ ਇਹ ਫੈਸਲਾ ਜੀ. ਡੀ. ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਦਾਇਰ ਮੁਕੱਦਮੇ ’ਚ ਪਾਸ ਕੀਤਾ। ਕੰਪਨੀ ਕੋਲ ‘ਓਵਰ-ਦਿ-ਕਾਊਂਟਰ’ ਐਂਟੀਸੈਪਟਿਕ ਕ੍ਰੀਮ ਬੋਰੋਲੀਨ ਦੀ ਮਾਲਕੀ ਅਤੇ ਮਾਰਕੀਟਿੰਗ ਦਾ ਅਧਿਕਾਰ ਹੈ ਅਤੇ ਉਸ ਨੇ ‘ਬੋਰੋਬਿਊਟੀ’ ਨਾਂ ਦੇ ‘ਭੁਲੇਖਾਪਾਊ ਢੰਗ ਨਾਲ ਇਕੋ ਜਿਹੋ’ ਉਤਪਾਦ ਦੇ ਨਿਰਮਾਣ ਤੇ ਵਿਕਰੀ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ।