ਹੁਣ ਸਰਹੱਦ ਦੀ ਨਿਗਰਾਨੀ ਲਈ ਆ ਰਹੇ ਹਨ ਰੋਬੋਟ
Saturday, May 04, 2019 - 09:52 AM (IST)

ਨਵੀਂ ਦਿੱਲੀ— ਭਾਰਤੀ ਵਿਗਿਆਨੀ ਇਕ ਅਜਿਹੇ ਰੋਬੋਟ 'ਤੇ ਕੰਮ ਕਰ ਰਹੇ ਹਨ, ਜੋ ਹਰ ਤਰ੍ਹਾਂ ਦੇ ਇਲਾਕੇ ਵਿਚ ਕੌਮਾਂਤਰੀ ਸਰਹੱਦ ਦੀ ਨਿਗਰਾਨੀ ਵਿਚ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਰੋਬੋਟ ਦਾ ਇਕ ਨਮੂਨਾ ਦਸੰਬਰ ਤੱਕ ਤਿਆਰ ਹੋ ਸਕਦਾ ਹੈ। ਡਿਫੈਂਸ ਖੇਤਰ ਦੀ ਜਨਤਕ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ. ਈ. ਐੱਲ.) ਇਸ ਤਰ੍ਹਾਂ ਦੇ ਰੋਬੋਟ ਦੇ ਵਿਕਾਸ 'ਤੇ ਕੰਮ ਕਰ ਰਹੀ ਹੈ। ਕੰਪਨੀ ਨੂੰ ਇਸ ਦੇ ਵਿਕਾਸ ਤੋਂ ਬਾਅਦ ਫੌਜ ਤੋਂ ਚੰਗੇ ਆਰਡਰ ਮਿਲਣ ਦੀ ਉਮੀਦ ਹੈ। ਕੰਪਨੀ ਦੇ ਇਸ ਰੋਬੋਟ ਵਿਚ ਅਜਿਹੇ ਸੈਂਸਰ ਅਤੇ ਪ੍ਰੋਗਰਾਮ ਹੋਣਗੇ, ਜੋ ਕੰਟਰੋਲ ਸੈਂਟਰ ਨੂੰ ਤੁਰੰਤ ਕੋਈ ਜਾਣਕਾਰੀ ਭੇਜ ਸਕਣਗੇ। ਇਹ ਰੋਬੋਟ ਸ਼੍ਰੀਲੰਕਾ ਵਿਚ ਹਾਲ ਵਿਚ ਹੋਈਆਂ ਅੱਤਵਾਦੀ ਘਟਨਾਵਾਂ ਵਰਗੇ ਹਾਲਾਤ ਨੂੰ ਰੋਕਣ ਨੂੰ ਵੀ ਕਾਰਗਰ ਹੋ ਸਕਦਾ ਹੈ।
ਰੋਬੋਟ ਦੀ ਲਾਗਤ 70 ਤੋਂ 80 ਲੱਖ ਰੁਪਏ ਹੋਵੇਗੀ
ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ ਮੁਤਾਬਕ ਸਰਹੱਦ 'ਤੇ ਗਸ਼ਤ ਲਈ ਅਜਿਹੇ ਰੋਬੋਟ ਤਾਇਨਾਤ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਸਾਡੇ ਜਾਂਬਾਜ਼ ਫੌਜੀਆਂ ਦੀ ਸ਼ਹਾਦਤ ਜਾਂ ਉਨ੍ਹਾਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਘੱਟ ਹੋਣਗੀਆਂ। ਛੋਟੇ ਆਰਡਰ ਲਈ ਇਸ ਰੋਬੋਟ ਦੀ ਅਨੁਮਾਨਤ ਲਾਗਤ 70 ਤੋ 80 ਲੱਖ ਰੁਪਏ ਦੀ ਹੋਵੇਗੀ। ਜ਼ਿਆਦਾ ਗਿਣਤੀ ਵਿਚ ਆਰਡਰ ਮਿਲਣ 'ਤੇ ਰੋਬੋਟ ਦੀ ਲਾਗਤ ਹੋਰ ਘੱਟ ਹੋ ਜਾਏਗੀ। ਫਿਲਹਾਲ 80 ਵਿਗਿਆਨੀ ਅਤੇ ਇੰਜੀਨੀਅਰ ਰੋਬੋਟ ਤਿਆਰ ਕਰਨ ਦੇ ਕੰਮ ਵਿਚ ਲੱਗੇ ਹੋਏ ਹਨ। ਇਸ ਦੇ ਲਈ ਯੂਜ਼ਰ ਟਰਾਇਲ ਫਰਵਰੀ 2020 ਤੱਕ ਸ਼ੁਰੂ ਹੋ ਸਕਦਾ ਹੈ।