ਮੁੰਬਈ ਹਮਲਾ ਮਾਮਲੇ ''ਚ ਬਰੀ ਵਿਅਕਤੀ ਨੂੰ ਆਟੋ ਰਿਕਸ਼ਾ ਚਲਾਉਣ ਲਈ PCC ਜਾਰੀ ਕਰਨ ਤੋਂ ਇਨਕਾਰ

Wednesday, Apr 29, 2026 - 05:27 PM (IST)

ਮੁੰਬਈ ਹਮਲਾ ਮਾਮਲੇ ''ਚ ਬਰੀ ਵਿਅਕਤੀ ਨੂੰ ਆਟੋ ਰਿਕਸ਼ਾ ਚਲਾਉਣ ਲਈ PCC ਜਾਰੀ ਕਰਨ ਤੋਂ ਇਨਕਾਰ

ਮੁੰਬਈ- ਬੰਬਈ ਹਾਈ ਕੋਰਟ ਨੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ 'ਚ ਬਰੀ ਕੀਤੇ ਗਏ ਫਹੀਮ ਅੰਸਾਰੀ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਅੰਸਾਰੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਸ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਆਟੋ-ਰਿਕਸ਼ਾ ਚਲਾਉਣ ਵਾਸਤੇ ਪੁਲਸ ਕਲੀਅਰੈਂਸ ਸਰਟੀਫਿਕੇਟ (PCC) ਜਾਰੀ ਕਰਨ ਦੀ ਮੰਗ ਕੀਤੀ ਸੀ। ਜਸਟਿਸ ਏ.ਐੱਸ. ਗਡਕਰੀ ਅਤੇ ਜਸਟਿਸ ਰਣਜੀਤ ਸਿਨਹਾ ਭੋਂਸਲੇ ਦੀ ਬੈਂਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਸਬੰਧਤ ਅਥਾਰਟੀ ਵੱਲੋਂ ਅੰਸਾਰੀ ਨੂੰ ਪੀਸੀਸੀ ਜਾਰੀ ਨਾ ਕਰਨ ਦਾ ਫੈਸਲਾ ਜਾਇਜ਼ ਸੀ। ਸਰਕਾਰ ਨੇ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਅੰਸਾਰੀ ਅਜੇ ਵੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਹੈ, ਇਸ ਲਈ ਉਸ ਨੂੰ ਕਲੀਨ ਚਿੱਟ ਵਾਲਾ ਸਰਟੀਫਿਕੇਟ ਨਹੀਂ ਦਿੱਤਾ ਜਾ ਸਕਦਾ।

ਫਹੀਮ ਅੰਸਾਰੀ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਪੀਸੀਸੀ ਨਾ ਦੇਣਾ ਉਸ ਦੇ 'ਰੋਜ਼ੀ-ਰੋਟੀ ਦੇ ਮੌਲਿਕ ਅਧਿਕਾਰ' ਦੀ ਉਲੰਘਣਾ ਹੈ। ਉਸ ਨੇ ਦੱਸਿਆ ਕਿ 2019 'ਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਪ੍ਰਿੰਟਿੰਗ ਪ੍ਰੈਸ 'ਚ ਕੰਮ ਕੀਤਾ, ਪਰ ਘੱਟ ਤਨਖਾਹ ਕਾਰਨ ਉਹ ਆਟੋ ਚਲਾਉਣਾ ਚਾਹੁੰਦਾ ਸੀ। ਆਟੋ ਚਲਾਉਣ ਲਈ ਆਰਟੀਓ (RTO) ਪਰਮਿਟ ਵਾਸਤੇ ਪੀਸੀਸੀ ਲਾਜ਼ਮੀ ਹੈ, ਜਿਸ ਨੂੰ ਅਧਿਕਾਰੀਆਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਸ ਦੇ ਸਬੰਧ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਰਹੇ ਹਨ। ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਅੱਤਵਾਦੀ ਹਮਲਿਆਂ 'ਚ 166 ਲੋਕ ਮਾਰੇ ਗਏ ਸਨ। ਫਹੀਮ ਅੰਸਾਰੀ 'ਤੇ ਹਮਲੇ ਦੀ ਸਾਜ਼ਿਸ਼ ਲਈ ਨਕਸ਼ੇ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ, ਪਰ ਮਈ 2010 'ਚ ਵਿਸ਼ੇਸ਼ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਸੀ। ਹਾਲਾਂਕਿ, ਉੱਤਰ ਪ੍ਰਦੇਸ਼ ਦੇ ਇਕ ਹੋਰ ਮਾਮਲੇ 'ਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਸੀ, ਜਿਸ ਨੂੰ ਪੂਰਾ ਕਰਨ ਤੋਂ ਬਾਅਦ ਉਹ 2019 'ਚ ਬਾਹਰ ਆਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News