ਵਿੰਧਿਆਂਚਲ ਮੰਦਰ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਧਾਮ ਦੀ ਸੁਰੱਖਿਆ ਵਧਾਈ ਗਈ
Wednesday, Nov 26, 2025 - 12:17 AM (IST)
ਮਿਰਜ਼ਾਪੁਰ, (ਭਾਸ਼ਾ)- ਵਿਸ਼ਵ ਪ੍ਰਸਿੱਧ ਵਿੰਧਿਆਂਚਲ ਧਾਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ’ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਧਮਕੀ ਮਿਲਦਿਆਂ ਹੀ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਮਾਂ ਵਿੰਧਿਆਵਾਸਿਨੀ ਦੇਵੀ ਧਾਮ ਦੇ ਨਾਲ-ਨਾਲ ਅਸ਼ਟਭੁਜਾ ਅਤੇ ਕਾਲੀਖੋਹ ਮੰਦਰਾਂ ਦੀ ਸੁਰੱਖਿਆ ਵੀ ਵਧਾ ਦਿੱਤੀ। ਪੂਰੇ ਖੇਤਰ ਵਿਚ ਇਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਡਿਪਟੀ ਸੁਪਰਡੈਂਟ ਆਫ਼ ਪੁਲਸ ਨਵੀਨ ਚਾਵਲਾ ਨੇ ਦੱਸਿਆ ਕਿ ਐਤਵਾਰ ਦੇਰ ਰਾਤ 112 ਨੰਬਰ ’ਤੇ ਇਕ ਵਿਅਕਤੀ ਨੇ ਫ਼ੋਨ ਕਰ ਕੇ ਸੂਚਨਾ ਦਿੱਤੀ ਕਿ ਵਿੰਧਿਆਂਚਲ ਮੰਦਰ ’ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਸੂਚਨਾ ਮਿਲਣ ’ਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਪੂਰੇ ਧਾਮ ਖੇਤਰ ਵਿਚ ਸਖ਼ਤ ਚੌਕਸੀ ਲਾਗੂ ਕਰ ਦਿੱਤੀ ਗਈ। ਪੁਲਸ ਨੇ ਤੇਜ਼ੀ ਦਿਖਾਉਂਦੇ ਹੋਏ ਧਮਕੀ ਦੇਣ ਵਾਲੇ ਵਿਅਕਤੀ ਨੂੰ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਮਾਨਸਿਕ ਤੌਰ ’ਤੇ ਬਿਮਾਰ ਹੈ ਅਤੇ ਆਪਣੀ ਮਾਂ ਨਾਲ ਰਹਿੰਦਾ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਸ ਦੇ ਅਨੁਸਾਰ, ਉਹ ਪਿਛਲੇ 20 ਸਾਲਾਂ ਤੋਂ ਮਾਨਸਿਕ ਬਿਮਾਰੀ ਦਾ ਇਲਾਜ ਕਰਵਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿੰਧਿਆਚਲ ਧਾਮ, ਅਸ਼ਟਭੁਜਾ ਅਤੇ ਕਾਲੀਖੋਹ ਮੰਦਰਾਂ ਵਿਚ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ।
