ਬੱਦਲ ਫਟਣ ਤੋਂ ਬਾਅਦ ਲਾਪਤਾ 2 ਲੋਕਾਂ ਦੀਆਂ ਲਾਸ਼ਾਂ ਬਰਾਮਦ, 5 ਦੀ ਭਾਲ ਜਾਰੀ

Tuesday, Aug 27, 2024 - 03:23 PM (IST)

ਬੱਦਲ ਫਟਣ ਤੋਂ ਬਾਅਦ ਲਾਪਤਾ 2 ਲੋਕਾਂ ਦੀਆਂ ਲਾਸ਼ਾਂ ਬਰਾਮਦ, 5 ਦੀ ਭਾਲ ਜਾਰੀ

ਰਾਮਬਨ/ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਬੱਦਲ ਫਟਣ ਤੋਂ ਬਾਅਦ ਲਾਪਤਾ ਹੋਏ 2 ਲੋਕਾਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਬਰਾਮਦ ਕਰ ਲਈਆਂ ਗਈਆਂ, ਜਿਨ੍ਹਾਂ 'ਚ 12 ਸਾਲਾ ਮੁੰਡੇ ਦੀ ਲਾਸ਼ ਵੀ ਸ਼ਾਮਲ ਹੈ। ਇਸ ਦੌਰਾਨ ਲਾਪਤਾ 5 ਹੋਰ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਜਗੜ੍ਹ ਤਹਿਸੀਲ ਦੇ ਕੁਮਾਤੇ, ਧ੍ਰਮਨ ਅਤੇ ਹੱਲਾ ਪੰਚਾਇਤਾਂ 'ਚ ਸੋਮਵਾਰ ਦੁਪਹਿਰ ਨੂੰ ਬੱਦਲ ਫਟ ਗਏ, ਜਿਸ ਕਾਰਨ ਤੰਗੇਰ ਅਤੇ ਦਾੜੀ ਨਦੀਆਂ 'ਚ ਅਚਾਨਕ ਹੜ੍ਹ ਆ ਗਿਆ। ਰਾਜਗੜ੍ਹ ਦੇ ਤਹਿਸੀਲਦਾਰ ਮੇਜਰ ਸਿੰਘ ਨੇ ਦੱਸਿਆ ਕਿ ਅਚਾਨਕ ਆਏ ਹੜ੍ਹ 'ਚ ਤਿੰਨ ਵੱਖ-ਵੱਖ ਪਰਿਵਾਰਾਂ ਦੇ 7 ਲੋਕ ਲਾਪਤਾ ਹੋ ਗਏ ਸਨ। ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਸਿੰਘ ਨੇ ਦੱਸਿਆ ਕਿ ਖਰਾਬ ਮੌਸਮ ਦੇ ਬਾਵਜੂਦ ਬਚਾਅ ਦਲ ਨੇ ਗਡਗ੍ਰਾਮ ਦੇ ਯਾਸਿਰ ਅਹਿਮਦ (20) ਅਤੇ ਸੁਲੀ-ਕੁਮਾਤੇ ਦੇ ਖਾਲਿਦ ਅਹਿਮਦ ਪਰਿਹਾਰ (12) ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਉਨ੍ਹਾਂ ਕਿਹਾ ਕਿ ਹੋਰ 5 ਲਾਪਤਾ- ਅਹਿਮਦ ਦੀ ਮਾਂ ਨਸੀਮਾ ਬੇਗਮ (42) ਅਤੇ ਭੈਣ ਸ਼ਾਜਿਆ ਬਾਨੋ (6), ਪਰਿਹਾਰ ਦੀ ਮਾਂ ਗੁਲਸ਼ਨ ਬੇਗਮ (42) ਅਤੇ ਭੈਣ ਸੀਰਤ ਬਾਨੋ (8) ਅਤੇ ਡੁੰਗਰ ਡੰਡਲਾਹ ਵਾਸੀ 6 ਸਾਲਾ ਕਜਿਆ ਬਾਨੋ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.), ਸਥਾਨਕ ਪੁਲਸ ਅਤੇ ਵਲੰਟੀਅਰ  ਬਚਾਅ ਮੁਹਿੰਮ 'ਚ ਲੱਗੇ ਹਨ। ਸਿੰਘ ਨੇ ਦੱਸਿਆ ਕਿ ਲਗਾਤਾਰ ਮੀਂਹ ਨਾਲ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਕਾਰਨ ਬਚਾਅ ਮੁਹਿੰਮ ਹੌਲੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਨੂੰ ਪ੍ਰਭਾਵਿਤ ਪਿੰਡਾਂ ਤੱਕ ਪੈਦਲ ਪਹੁੰਚਣ 'ਚ ਕਰੀਬ ਤਿੰਨ ਘੰਟੇ ਲੱਗ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗਡਗ੍ਰਾਮ ਅਤੇ ਸੋਨਸੁਆ 'ਚ ਘੱਟੋ-ਘੱਟ 2 ਸਰਕਾਰੀ ਸਕੂਲ ਅਤੇ ਕੁਝ ਹੋਰ ਇਮਾਰਤਾਂ ਨੂੰ ਨੁਕਸਾਨੀਆਂ ਗਈਆਂ, ਜਦੋਂ ਕਿ ਉੱਥੇ ਖੜ੍ਹੇ ਤਿੰਨ ਨਿੱਜੀ ਵਾਹਨ ਅਚਾਨਕ ਆਏ ਹੜ੍ਹ 'ਚ ਰੁੜ੍ਹ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News