ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਡਰੋਨ ਕਿਸ਼ਤੀਆਂ ਨਾਲ ਹਮਲਾ ! 23 ਦੀ ਬਚਾਈ ਗਈ ਜਾਨ

Thursday, Oct 08, 2026 - 10:49 AM (IST)

ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਡਰੋਨ ਕਿਸ਼ਤੀਆਂ ਨਾਲ ਹਮਲਾ ! 23 ਦੀ ਬਚਾਈ ਗਈ ਜਾਨ

ਇੰਟਰਨੈਸ਼ਨਲ ਡੈਸਕ- ਰੂਸ ਦੇ ਕਾਲਾ ਸਾਗਰ ਤੱਟ ਨੇੜੇ 23 ਭਾਰਤੀ ਕ੍ਰੂ ਮੈਂਬਰਾਂ ਨੂੰ ਲੈ ਕੇ ਜਾ ਰਹੇ ਲਾਇਬੇਰੀਆ ਦੇ ਝੰਡੇ ਵਾਲੇ ਤੇਲ ਟੈਂਕਰ ‘ਅਫ੍ਰਾਮੈਕਸ ਰੀਓ’ ’ਤੇ ਡਰੋਨ ਕਿਸ਼ਤੀਆਂ ਨਾਲ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਟੈਂਕਰ ਵਿਚ ਭਿਆਨਕ ਅੱਗ ਲੱਗ ਗਈ। 

ਰੂਸੀ ਅਧਿਕਾਰੀਆਂ ਅਨੁਸਾਰ, ਜਹਾਜ਼ ’ਤੇ ਸਵਾਰ ਸਾਰੇ 23 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਈ ਜ਼ਖਮੀ ਨਹੀਂ ਹੋਇਆ। ਰੂਸ ਦੇ ਆਵਾਜਾਈ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਚਾਲਕ ਦਲ ਨੂੰ ਸੁਰੱਖਿਅਤ ਕੱਢ ਕੇ ਤੱਟ ’ਤੇ ਪਹੁੰਚਾ ਦਿੱਤਾ ਗਿਆ ਹੈ। ਮੰਤਰਾਲੇ ਅਨੁਸਾਰ, ਟੈਂਕਰ ’ਤੇ ਮੰਗਲਵਾਰ ਨੂੰ ਮਨੁੱਖ ਰਹਿਤ ਬੇੜੀਆਂ ਨਾਲ ਹਮਲਾ ਕੀਤਾ ਗਿਆ ਸੀ।

ਰੂਸੀ ਅਧਿਕਾਰੀਆਂ ਮੁਤਾਬਕ, ਟੈਂਕਰ ਵਿਚ ਲੱਗੀ ਅੱਗ ਇੰਨੀ ਤੇਜ਼ ਸੀ ਕਿ ਸ਼ੁਰੂਆਤ ਵਿਚ ਫਾਇਰ ਬ੍ਰਿਗੇਡ ਵਾਲਿਆਂ ਲਈ ਉਸ ’ਤੇ ਕਾਬੂ ਪਾਉਣ ਦੀ ਮੁਹਿੰਮ ਸ਼ੁਰੂ ਕਰਨੀ ਸੰਭਵ ਨਹੀਂ ਸੀ। ਅੱਗ ਘੱਟ ਹੋਣ ਅਤੇ ਬਚਾਅ ਜਹਾਜ਼ਾਂ ਦੇ ਟੈਂਕਰ ਦੇ ਨੇੜੇ ਸੁਰੱਖਿਅਤ ਪਹੁੰਚਣ ਤੋਂ ਬਾਅਦ ਹੀ ਅੱਗ ਬੁਝਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਸਕੇਗੀ। ਹਮਲੇ ਤੋਂ ਬਾਅਦ ਕਾਲਾ ਸਾਗਰ ਦੇ ਇਕ ਹਿੱਸੇ ਵਿਚ ਤੇਲ ਦੇ ਕਾਰਨ ਅੱਗ ਲੱਗੀ ਹੋਈ ਹੈ। 

ਘਟਨਾ ਤੋਂ ਬਾਅਦ ਰੂਸ ਦੇ ਆਵਾਜਾਈ ਮੰਤਰੀ ਆਂਦਰੇਈ ਨਿਕਿਤਿਨ ਨੇ ਹਾਲਾਤ ਦੀ ਸਮੀਖਿਆ ਲਈ ਐਮਰਜੈਂਸੀ ਮੀਟਿੰਗ ਕੀਤੀ। ਘਟਨਾ ਰੂਸ ਦੇ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਸੋਚੀ ਦੇ ਨੇੜੇ ਹੋਈ। ਸੋਚੀ ਦੇ ਮੇਅਰ ਆਂਦ੍ਰੇਈ ਪ੍ਰੋਸ਼ੁਨਿਨ ਨੇ ਸ਼ਹਿਰ ਦੇ ਸਮੁੰਦਰ ਤੱਟਾਂ ਅਤੇ ਸਮੁੰਦਰ ਕਿਨਾਰੇ ਬਣੇ ਤੱਟੀ ਮਾਰਗਾਂ ’ਤੇ ਲੋਕਾਂ ਦੀ ਆਵਾਜਾਈ ’ਤੇ ਅਸਥਾਈ ਰੋਕ ਲਾ ਦਿੱਤੀ।

ਭਾਰਤ ਨੇ ਪ੍ਰਗਟਾਈ ਗੰਭੀਰ ਚਿੰਤਾ
ਭਾਰਤ ਨੇ ਵਪਾਰਕ ਜਹਾਜ਼ਾਂ ਅਤੇ ਮਲਾਹਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਜਲਮਾਰਗਾਂ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਗਲੋਬਲ ਵਪਾਰ ਅਤੇ ਦੁਨੀਆ ਭਰ ਦੇ ਲੋਕਾਂ ਦੀ ਭਲਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ। ਭਾਰਤ ਨੇ ਟਕਰਾਅ ਨੂੰ ਖਤਮ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਰਾਹ ਅਪਣਾਉਣ ਦਾ ਸੱਦਾ ਦੁਹਰਾਇਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਕਿਹਾ ਕਿ ਭਾਰਤ ਨੇ ਯੂਕ੍ਰੇਨ ਸੰਕਟ ਦੇ ਹੱਲ ਲਈ ਕੀਵ ਅਤੇ ਮਾਸਕੋ, ਦੋਵਾਂ ਨਾਲ ਗੱਲਬਾਤ ਦੇ ਜ਼ਰੀਏ ਆਪਣੇ ਯਤਨ ਜਾਰੀ ਰੱਖੇ ਹੋਏ ਹਨ।


author

Harpreet SIngh

Content Editor

Related News