ਘਰ ''ਚ ਗਣਪਤੀ ਦੀ ਸਥਾਪਨਾ ਅਤੇ ਵਿਸਰਜਨ ਦੌਰਾਨ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ''ਤੇ ਲੱਗੀ ਰੋਕ
Friday, Jul 24, 2020 - 11:43 AM (IST)
ਮੁੰਬਈ- ਕੋਵਿਡ-19 ਦੇ ਮੱਦੇਨਜ਼ਰ ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਨੇ ਕਿਹਾ ਕਿ ਗਣਪਤੀ ਉਤਸਵ ਦੌਰਾਨ ਘਰਾਂ 'ਚ ਗਣਪਤੀ ਦੀ ਸਥਾਪਨਾ ਅਤੇ ਉਨ੍ਹਾਂ ਦੇ ਵਿਸਰਜਨ ਪ੍ਰੋਗਰਾਮ 'ਚ ਸਿਰਫ਼ 5 ਲੋਕ ਹੀ ਸ਼ਾਮਲ ਹੋ ਸਕਦੇ ਹਨ। ਕੋਵਿਡ-19 ਦੇ ਪ੍ਰਸਾਰ 'ਤੇ ਕੰਟਰੋਲ 'ਚ ਜੁਟੀ ਬੀ.ਐੱਮ.ਸੀ. ਨੇ ਤਿਉਹਾਰ ਤੋਂ ਪਹਿਲਾਂ ਵੀਰਵਾਰ ਨੂੰ ਲੋਕਾਂ ਨੂੰ ਇਹ ਵਿਸ਼ੇਸ਼ ਅਪੀਲ ਕੀਤੀ। ਮੁੰਬਈ 'ਚ ਕੋਵਿਡ-19 ਦੇ ਇਕ ਲੱਖ ਤੋਂ ਵੱਧ ਮਾਮਲੇ ਹਨ ਅਤੇ ਕਰੀਬ 6 ਹਜ਼ਾਰ ਲੋਕਾਂ ਦੀ ਇਸ ਨਾਲ ਜਾਨ ਗਈ ਹੈ। ਇਸ ਸਾਲ ਇਹ ਉਤਸਵ 22 ਅਗਸਤ ਤੋਂ ਸ਼ੁਰੂ ਹੋਵੇਗਾ।
10 ਦਿਨਾਂ ਗਣੇਸ਼ ਉਤਸਵ ਦੌਰਾਨ ਪੰਡਾਲਾਂ ਤੋਂ ਇਲਾਵਾ ਹਜ਼ਾਰਾਂ ਲੋਕ ਆਪਣੇ ਘਰਾਂ 'ਚ ਹੀ ਵੱਖ-ਵੱਖ ਦਿਨ ਗਣਪਤੀ ਦੀ ਸਥਾਪਨਾ ਕਰਦੇ ਹਨ। ਇਹ ਮਹਾਰਾਸ਼ਟਰ ਦਾ ਸਭ ਤੋਂ ਲੋਕਪ੍ਰਿਯ ਧਾਰਮਿਕ ਤਿਉਹਾਰ ਹੈ। ਨਗਰ ਬਾਡੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਮਹਾਮਾਰੀ ਐਕਟ 1897, ਆਫ਼ਤ ਪ੍ਰਬੰਧਨ ਐਕਟ 2005 ਅਤੇ ਆਈ.ਪੀ.ਸੀ. ਦੇ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ। ਬੀ.ਐੱਮ.ਸੀ. ਨੇ ਲੋਕਾਂ ਨੂੰ ਉਤਸਵ ਦੌਰਾਨ ਮਾਸਕ ਜਾਂ ਸ਼ੀਲਡ ਪਹਿਨਣ, ਸਮਾਜਿਕ ਦੂਰੀ ਦੇ ਨਿਯਮ 'ਤੇ ਅਮਲ ਸਮੇਤ ਸਾਰੇ ਸੁਰੱਖਿਆਤਮਕ ਨਿਯਮਾਂ ਦਾ ਪਾਲਣ ਕਰਨ ਲਈ ਵੀ ਕਿਹਾ। ਨਾਲ ਹੀ ਲੋਕਾਂ ਨੂੰ ਵੱਡੇ ਜਲੂਸਾਂ 'ਚ ਸ਼ਾਮਲ ਨਾ ਹੋਣ ਦੀ ਅਪੀਲ ਵੀ ਕੀਤੀ ਹੈ।