BMC ਨੇ ਬਿਹਾਰ ਪੁਲਸ ਨੂੰ ਕਿਹਾ- ਗੱਲਬਾਤ ਲਈ ਡਿਜ਼ੀਟਲ ਤਰੀਕਿਆਂ ਦੀ ਵਰਤੋਂ ਕਰੋ
Wednesday, Aug 05, 2020 - 06:28 PM (IST)

ਮੁੰਬਈ- ਬ੍ਰਹਿਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਜਾਂਚ ਲਈ ਐਤਵਾਰ ਨੂੰ ਇੱਥੇ ਪਹੁੰਚੇ ਪਟਨਾ ਦੇ ਪੁਲਸ ਸੁਪਰਡੈਂਟ ਵਿਨੇ ਤਿਵਾੜੀ ਲਈ ਕੁਆਰੰਟੀਨ ਦੇ ਨਿਯਮਾਂ 'ਚ ਛੋਟ ਦੀ ਬਿਹਾਰ ਪੁਲਸ ਦੀ ਮੰਗ ਦੇ ਜਵਾਬ 'ਚ ਉਨ੍ਹਾਂ ਨੂੰ ਡਿਜ਼ੀਟਲ ਤਰੀਕਿਆਂ ਨਾਲ ਗੱਲਬਾਤ ਕਰਨ ਦਾ ਸੁਝਾਅ ਦਿੱਤਾ ਹੈ। ਬੀ.ਐੱਮ.ਸੀ. ਨੇ ਮੰਗਲਵਾਰ ਨੂੰ ਇਕ ਚਿੱਠੀ 'ਚ ਬਿਹਾਰ ਪੁਲਸ ਨੂੰ ਕਿਹਾ ਕਿ ਸ਼ਹਿਰ 'ਚ ਪੁੱਛ-ਗਿੱਛ ਲਈ ਜੂਮ, ਗੂਗਲ ਮੀਟ, ਜਿਓ ਮੀਟ, ਮਾਈਕ੍ਰੋਸਾਫਟ ਟੀਮਸ ਜਾਂ ਹੋਰ ਡਿਜ਼ੀਟਲ ਪਲੇਟਫਰਾਮ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਪਹਿਲਾਂ ਬਿਹਾਰ ਪੁਲਸ ਨੇ ਤਿੰਨ ਅਗਸਤ ਨੂੰ ਚਿੱਠੀ ਲਿੱਖ ਕੇ ਤਿਵਾੜੀ ਲਈ ਕੁਆਰੰਟੀਨ ਦੇ ਨਿਯਮਾਂ 'ਚ ਢਿੱਲ ਦੀ ਮੰਗ ਕੀਤੀ ਸੀ।
ਰਾਜਪੂਤ ਦੀ ਮੌਤ ਦੇ ਮਾਮਲੇ 'ਚ ਜਾਂਚ ਕਰ ਰਹੇ ਬਿਹਾਰ ਪੁਲਸ ਦੇ ਦਲ ਦੀ ਅਗਵਾਈ ਕਰਨ ਐਤਵਾਰ ਨੂੰ ਇੱਥੇ ਪਹੁੰਚ ਤਿਵਾੜੀ ਨੂੰ ਬੀ.ਐੱਮ.ਸੀ. ਨੇ 14 ਦਿਨ ਲਈ ਕੁਆਰੰਟੀਨ 'ਚ ਭੇਜ ਦਿੱਤਾ ਗਿਆ ਸੀ। ਬਿਹਾਰ ਪੁਲਸ ਦੀ ਚਿੱਠੀ ਦੇ ਜਵਾਬ 'ਚ ਬੀ.ਐੱਮ.ਸੀ. ਦੇ ਨਿਗਮ ਸੁਪਰਡੈਂਟ ਪੀ. ਵੇਲਰਾਸੂ ਦੇ ਦਸਤਖ਼ਤ ਵਾਲੀ ਚਿੱਠੀ 'ਚ ਕਿਹਾ ਗਿਆ,''ਡਿਜ਼ੀਟਲ ਪਲੇਟਫਾਰਮ ਦੀ ਵਰਤੋਂ ਨਾਲ ਨਾ ਤਾਂ ਤਿਵਾੜੀ ਉਨ੍ਹਾਂ ਅਧਿਕਾਰੀਆਂ ਨੂੰ ਇਨਫੈਕਸ਼ਨ ਫੈਲਾ ਸਕਣਗੇ, ਜਿਨ੍ਹਾਂ ਨੂੰ ਉਹ ਮਿਲ ਰਹੇ ਹਨ (ਜੇਕਰ ਉਹ ਬਿਹਾਰ ਤੋਂ ਇਨਫੈਕਟਡ ਹੋ ਕੇ ਆਏ ਹੋਣਗੇ ਤਾਂ), ਕਿਉਂਕਿ ਬਿਹਾਰ 'ਚ ਕੋਰੋਨਾ ਵਾਇਰਸ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਨਾ ਹੀ ਉਹ ਖੁਦ ਵੀ ਮੁੰਬਈ 'ਚ ਮਹਾਰਾਸ਼ਟਰ ਸਰਕਾਰ ਦੇ ਕਈ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਇਨਫੈਕਟਡ ਹੋਣਗੇ।'' ਬੀ.ਐੱਮ.ਸੀ. ਨੇ ਕਿਹਾ ਕਿ ਤਿਵਾੜੀ ਨੂੰ ਮਹਾਰਾਸ਼ਟਰ ਸਰਕਾਰ ਦੇ ਸਾਰੇ ਨਿਯਮ ਅਤੇ ਸ਼ਰਤਾਂ ਦਾ ਪਾਲਣ ਕਰਨਾ ਚਾਹੀਦਾ।