ਹਰਿਆਣਾ ਅਤੇ UP ਸਰਕਾਰਾਂ ਤੋਂ ਇਕ ਮਹੀਨੇ ਤੱਕ ਦਿੱਲੀ ਨੂੰ ਪਾਣੀ ਉਪਲੱਬਧ ਕਰਵਾਉਣ ਲਈ ਕਹੇ ਭਾਜਪਾ : ਕੇਜਰੀਵਾਲ
Friday, May 31, 2024 - 12:13 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਸਰਕਾਰਾਂ ਤੋਂ ਰਾਸ਼ਟਰੀ ਰਾਜਧਾਨੀ ਨੂੰ ਇਕ ਮਹੀਨੇ ਤੱਕ ਪਾਣੀ ਉਪਲੱਬਧ ਕਰਵਾਉਣ ਲਈ ਕਹੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ। ਰਾਸ਼ਟਰੀ ਰਾਜਧਾਨੀ ਗੰਭੀਰ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਲ ਸਰੋਤ ਮੰਤਰੀ ਆਤਿਸ਼ੀ ਨੇ ਹਰਿਆਣਾ 'ਤੇ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡਣ ਦਾ ਦੋਸ਼ ਲਗਾਇਆ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ਿਲਾਫ਼ ਭਾਜਪਾ ਵਲੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ,''ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਮੇਂ ਰਾਜਨੀਤੀ ਕਰਨ ਦੀ ਬਜਾਏ, ਮਿਲ ਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਦਿਵਾਓ।''
ਉਨ੍ਹਾਂ ਕਿਹਾ,''ਜੇਕਰ ਭਾਜਪਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਆਪਣੀ ਸਰਕਾਰਾਂ ਨਾਲ ਗੱਲ ਕਰ ਕੇ ਇਕ ਮਹੀਨੇ ਲਈ ਦਿੱਲੀ ਨੂੰ ਕੁਝ ਪਾਣੀ ਦਿਵਾ ਦੇਵੇ ਤਾਂ ਦਿੱਲੀ ਵਾਲੇ ਭਾਜਪਾ ਦੇ ਇਸ ਕਦਮ ਦੀ ਸ਼ਲਾਘਾ ਕਰਨਗੇ। ਇੰਨੀ ਭਿਆਨਕ ਗਰਮੀ ਕਿਸੇ ਦੇ ਹੱਥ ਨਹੀਂ ਪਰ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਤਾਂ ਲੋਕਾਂ ਨੂੰ ਇਸ ਤੋਂ ਰਾਹਤ ਤਾਂ ਦਿਵਾ ਸਕਦੇ ਹਾਂ।'' ਉਨ੍ਹਾਂ ਕਿਹਾ ਕਿ ਭਿਆਨਕ ਗਰਮੀ 'ਚ ਪਾਣੀ ਦੀ ਮੰਗ ਬਹੁਤ ਵਧ ਗਈ ਹੈ ਅਤੇ ਦਿੱਲੀ ਨੂੰ ਗੁਆਂਢੀ ਰਾਜਾਂ ਤੋਂ ਮਿਲਣ ਵਾਲਾ ਪਾਣੀ ਵੀ ਘੱਟ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,''ਪਾਣੀ ਦੀ ਕਿੱਲਤ ਬਹੁਤ ਵੱਧ ਗਈ ਹੈ ਅਤੇ ਸਪਲਾਈ ਘੱਟ ਹੋ ਗਈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸਮੱਸਿਆ ਦਾ ਨਿਪਟਾਰਾ ਕਰਨਾ ਚਾਹੀਦਾ ਹੈ।'' ਕੇਜਰੀਵਾਲ ਨੇ ਕਿਹਾ ਕਿ ਪੂਰਾ ਦੇਸ਼ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਇਸ ਸਮੇਂ ਪੂਰੇ ਦੇਸ਼ 'ਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਬਿਜਲੀ ਦੀ ਸਥਿਤੀ ਕੰਟਰੋਲ 'ਚ ਹੈ। ਉਨ੍ਹਾਂ ਕਿਹਾ,''ਪਿਛਲੇ ਸਾਲ ਦਿੱਲੀ 'ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 7438 ਮੈਗਾਵਾਟ ਸੀ। ਇਸ ਦੀ ਤੁਲਨਾ 'ਚ ਇਸ ਸਾਲ ਵੱਧ ਤੋਂ ਵੱਧ ਮੰਗ 8302 ਮੈਗਾਵਾਟ ਤੱਕ ਪਹੁੰਚ ਗਈ ਹੈ ਪਰ ਇਸ ਦੇ ਬਾਵਜੂਦ ਦਿੱਲੀ 'ਚ ਬਿਜਲੀ ਦੀ ਸਥਿਤੀ ਕੰਟਰੋਲ 'ਚ ਹੈ ਅਤੇ ਹੋਰ ਸੂਬਿਆਂ ਦੀ ਤਰ੍ਹਾਂ ਇੱਥੇ ਬਿਜਲੀ ਕਟੌਤੀ ਨਹੀਂ ਹੋ ਰਹੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8