ਭਾਜਪਾ ਨੇ 177 ਸੀਟਾਂ ’ਤੇ ਵੋਟਾਂ ਦੀ ਗਿਣਤੀ ਵਿਚ ਕੀਤੀ ਹੇਰਾਫੇਰੀ : ਮਮਤਾ ਬੈਨਰਜੀ
Wednesday, Jun 03, 2026 - 12:09 AM (IST)
ਕੋਲਕਾਤਾ- ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਨੇ ਹਾਲ ਹੀ ਵਿਚ ਸੰਪੰਨ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ 294 ਵਿਚੋਂ 177 ਸੀਟਾਂ ਦੀ ਵੋਟਾਂ ਦੀ ਗਿਣਤੀ ਵਿਚ ‘ਹੇਰਾਫੇਰੀ’ ਕੀਤੀ। ਬੈਨਰਜੀ ਨੇ ਕਿਹਾ ਕਿ ਉਹ ‘ਇਸ ਔਖੇ ਸਮੇਂ’ ਵਿਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਇਕੱਲਾ ਨਹੀਂ ਛੱਡਣਗੇ। ਉਨ੍ਹਾਂ ਨੇ ਇਹ ਟਿੱਪਣੀ ਆਪਣੀ ਪਾਰਟੀ ਦੇ ਆਗੂਆਂ ਦੀ ਭ੍ਰਿਸ਼ਟਾਚਾਰ, ਧਮਕੀ ਅਤੇ ਵਸੂਲੀ ਦੇ ਦੋਸ਼ਾਂ ਹੇਠ ਵੱਡੇ ਪੱਧਰ ’ਤੇ ਹੋਈ ਗ੍ਰਿਫ਼ਤਾਰੀ ਅਤੇ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਵਰਕਰਾਂ ਦੀ ਕਥਿਤ ਪ੍ਰੇਸ਼ਾਨੀ ਨੂੰ ਲੈ ਕੇ ਕੀਤੀ।
ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਆਗੂਆਂ ’ਤੇ ਕਥਿਤ ਤੌਰ ’ਤੇ ਹੋਏ ਹਮਲਿਆਂ ਦੇ ਵਿਰੋਧ ਵਿਚ ਮੱਧ ਕੋਲਕਾਤਾ ਵਿਚ ਦਿਨ ਭਰ ਦੇ ਧਰਨੇ ’ਤੇ ਬੈਠੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਭਾਜਪਾ ਵਿਰੋਧੀ ਪਾਰਟੀਆਂ ਜਲਦੀ ਹੀ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨਾਂ ਦੀ ਰੂਪ ਰੇਖਾ ਤਿਆਰ ਕਰਨਗੀਆਂ। ਬੈਨਰਜੀ ਨੇ ਅਗਲੇ ਹਫ਼ਤੇ ਹੋਣ ਵਾਲੀ ‘ਇੰਡੀਆ’ ਗੱਠਜੋੜ ਦੀ ਬੈਠਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਜਲਦੀ, ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਦਿੱਲੀ ਵਿਚ ਮੀਟਿੰਗ ਕਰਨਗੀਆਂ। ਕੁਝ ਦਿਨ ਉਡੀਕ ਕਰੋ ਅਤੇ ਅਸੀਂ ਜਲਦੀ ਹੀ ਵਿਰੋਧੀ ਧਿਰ ਦੀ ਦੇਸ਼ ਪੱਧਰੀ ਕਾਰਜ ਯੋਜਨਾ ਦਾ ਐਲਾਨ ਕਰਾਂਗੇ।
ਤ੍ਰਿਣਮੂਲ ਕਾਂਗਰਸ ਨੂੰ ਰਾਣੀ ਰਾਸਮਣੀ ਰੋਡ ’ਤੇ ਧਰਨਾ ਦੇਣ ਦੀ ਇਜਾਜ਼ਤ ਕੋਲਕਾਤਾ ਪੁਲਸ ਵੱਲੋਂ ਨਾ ਦਿੱਤੇ ਜਾਣ ਤੋਂ ਬਾਅਦ ਮਮਤਾ ਬੈਨਰਜੀ ਐਸਪਲੇਨੇਡ ਦੇ ਵਾਈ-ਚੈਨਲ ਸਥਿਤ ਧਰਨਾ ਵਾਲੀ ਥਾਂ ’ਤੇ ਪਹੁੰਚੀ। ਬੈਨਰਜੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਇਸ ਧਰਨੇ ਨੂੰ ‘ਚੋਣਾਂ ਤੋਂ ਬਾਅਦ ਹੋਈ ਹਿੰਸਾ, ਮੁੜ ਵਸੇਬੇ ਤੋਂ ਬਿਨਾਂ ਰੇਹੜੀ-ਫੜ੍ਹੀ ਵਾਲਿਆਂ ਨੂੰ ਉਜਾੜਨ, ਨੀਟ ਪ੍ਰੀਖਿਆ ਵਿਚ ਬੇਨਿਯਮੀਆਂ/ਧੋਖਾਦੇਹੀ ਅਤੇ ਭਾਜਪਾ ਸਰਕਾਰ ਦੀ ਬਦਲਾਖੋਰੀ ਦੀ ਕਾਰਵਾਈ ਦੇ ਖ਼ਿਲਾਫ ਇਕ ਪ੍ਰੋਗਰਾਮ ਦੱਸਿਆ। ਭੀੜ ਨੂੰ ਹੱਥ ਵਿਚ ਫੜਨ ਵਾਲੇ ਇਕ ਮੈਗਾਫ਼ੋਨ ਰਾਹੀਂ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਸਾਨੂੰ ਉਸ ਥਾਂ ’ਤੇ ਆਪਣਾ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿੱਥੇ ਅਸੀਂ ਮੰਗੀ ਸੀ। ਬਦਲਵੀਂ ਥਾਂ ’ਤੇ ਪੁਲਸ ਨੇ ਸਾਨੂੰ ਸਟੇਜ ਲਗਾਉਣ ਜਾਂ ਮਾਈਕ੍ਰੋਫ਼ੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
