ਭਾਜਪਾ ਨੇ ਦਿੱਲੀ ''ਚ CM ਅਹੁਦੇ ਲਈ ਕਿਉਂ ਨਹੀਂ ਸਾਹਮਣੇ ਲਿਆਂਦਾ ਚਿਹਰਾ, ਜਾਣੋ ਵਜ੍ਹਾ

01/08/2020 1:29:25 PM

ਨਵੀਂ ਦਿੱਲੀ— ਭਾਜਪਾ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਉਹ ਆਪਣੇ ਕਿਸੇ ਆਗੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕਰੇਗੀ। ਇਸ ਦੇ ਕਈ ਕਾਰਨ ਹਨ। ਇਹ ਗੱਲ ਹੁਣ ਦੱਸੀ ਜਾ ਸਕਦੀ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਇਸ ਗੱਲ ਦੇ ਬਹੁਤ ਇਛੁੱਕ ਸਨ ਕਿ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਮੁਕਾਬਲੇ ਭਾਜਪਾ ਆਪਣਾ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਲਿਆਏ। ਇਸ ਮੰਤਵ ਲਈ ਅਮਿਤ ਸ਼ਾਹ ਨੇ ਸਭ ਤੋਂ ਪਹਿਲਾਂ ਕੇਂਦਰੀ ਸਿਹਤ ਅਤੇ ਚੌਗਿਰਦਾ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਇਕ ਮਹੀਨਾ ਪਹਿਲਾਂ ਫੋਨ ਕੀਤਾ ਸੀ। ਸ਼ਾਹ ਨੇ ਉਨ੍ਹਾਂ ਨਾਲ ਰਾਜਧਾਨੀ ਦੀ ਸਿਆਸੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ਾਹ ਨੇ ਹਰਸ਼ਵਰਧਨ ਕੋਲੋਂ ਪੁੱਛਿਆ ਕਿ ਕੀ ਉਹ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪਾਰਟੀ ਦੀ ਅਗਵਾਈ ਕਰਨਗੇ? ਹਰਸ਼ਵਰਧਨ, ਜੋ ਅਮਿਤ ਸ਼ਾਹ ਨਾਲ ਖੁੱਲ੍ਹੀ ਗੱਲਬਾਤ ਕਰ ਲੈਂਦੇ ਹਨ, ਇਹ ਸੋਚੇ ਬਿਨਾਂ ਕਿ ਪਾਰਟੀ ਦੇ ਜਿੱਤ ਸਕਣ ਦੀ ਸੰਭਾਵਨਾ ਹੈ ਜਾ ਨਹੀਂ, ਨੇ ਕਿਹਾ ਕਿ ਜੇ ਤੁਸੀਂ ਮੇਰੇ ਕੋਲੋਂ ਇਹ ਪੁੱਛਦੇ ਹੋ ਕਿ ਮੈਂ ਭਾਜਪਾ ਦੀ ਅਗਵਾਈ ਕਰਨ ਦਾ ਇਛੁੱਕ ਹਾਂ ਤਾਂ ਮੈਂ ਬਿਨਾਂ ਝਿਜਕ ਤੋਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਥਾਨਕ ਸਿਆਸਤ 'ਚ ਪਰਤਣ ਦਾ ਇਛੁੱਕ ਨਹੀਂ ਹਾਂ। ਪਾਰਟੀ ਨੇ ਮੈਨੂੰ ਇਸ ਸਮੇਂ ਜੋ ਜ਼ਿੰਮੇਵਾਰੀ ਦਿੱਤੀ ਹੋਈ ਹੈ, ਤੋਂ ਮੈਂ ਖੁਸ਼ ਹਾਂ ਤੇ ਫਿਰ ਵੀ ਜੇ ਪਾਰਟੀ ਮੇਰੇ 'ਤੇ ਜ਼ੋਰ ਪਾਉਂਦੀ ਹੈ ਤਾਂ ਮੈਂ ਉਸ ਦੀ ਪਾਲਣਾ ਕਰਾਂਗਾ।

ਹਾਈਕਮਾਂਡ ਨੇ ਇਸ ਤੋਂ ਬਾਅਦ ਭਾਜਪਾ ਦੇ ਇਕ ਹੋਰ ਨੇਤਾ ਅਤੇ ਰਾਜਸਭਾ ਦੇ ਮੈਂਬਰ ਵਿਜੇ ਗੋਇਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਬਾਰੇ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਦੇ ਨਾਂ 'ਤੇ ਕਈ ਸਹਿਮਤ ਨਹੀਂ ਹੋਏ। ਉਂਝ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਬਹੁਤ ਪਸੰਦ ਵਾਲੇ ਵਿਅਕਤੀ ਹਨ ਅਤੇ ਇੱਥੋਂ ਤੱਕ ਕਿ ਅਮਿਤ ਸ਼ਾਹ ਵੀ ਉਨ੍ਹਾਂ ਨੂੰ ਵਧੀਆ ਮੰਨਦੇ ਹਨ। ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਪਾਰਟੀ ਦੀ ਵਾਗਡੋਰ ਸੰਭਾਲੀ ਗਈ ਸੀ ਪਰ ਉਹ ਸਭ ਧੜਿਆਂ ਨੂੰ ਇਕਮੁੱਠ ਕਰ ਕੇ ਨਹੀਂ ਰੱਖ ਸਕੇ ਸਨ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨਾਲ ਉਨ੍ਹਾਂ ਦੇ ਮਤਭੇਦ ਜਗ ਜ਼ਾਹਿਰ ਹਨ। ਮਨੋਜ ਤਿਵਾੜੀ ਨੂੰ ਕੇਂਦਰੀ ਮੰਤਰੀ ਮੰਡਲ 'ਚ ਲੈ ਕੇ ਦਿੱਲੀ ਭਾਜਪਾ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਸੀ ਪਰ ਗੋਇਲ ਕੇਂਦਰੀ ਮੰਤਰੀ ਨਹੀਂ ਬਣ ਸਕੇ। ਪਾਰਟੀ ਇਸ ਗੱਲ ਤੋਂ ਜਾਣੂ ਹੈ ਕਿ ਤਿਵਾੜੀ 'ਚ ਪਾਰਟੀ ਨੂੰ ਚਲਾਉਣ ਸਬੰਧੀ ਕਈ ਕਮਜ਼ੋਰੀਆਂ ਹਨ। ਇਕ ਸਮੇਂ ਪ੍ਰਵੇਸ਼ ਵਰਮਾ, ਜੋ ਲੋਕ ਸਭਾ ਦੇ ਮੈਂਬਰ ਹਨ, ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਬਾਰੇ ਸੋਚਿਆ ਗਿਆ ਸੀ। ਉਨ੍ਹਾਂ ਦੇ ਪਿਤਾ ਸਵ. ਸਾਹਿਬ ਸਿੰਘ ਵਰਮਾ ਦਿੱਲੀ ਦੇ ਮੁਖ ਮੰਤਰੀ ਰਹਿ ਚੁੱਕੇ ਹਨ। ਅਮਿਤ ਸ਼ਾਹ ਨੇ ਸੁਰੱਖਿਅਤ ਖੇਡ ਖੇਡਣ ਦਾ ਫੈਸਲਾ ਕੀਤਾ ਹੈ।

ਓਡ ਈਵਨ ਯੋਜਨਾ ਦਾ ਜਿਸ ਢੰਗ ਨਾਲ ਵਿਜੇ ਗੋਇਲ ਨੇ ਵਿਰੋਧ ਕੀਤਾ ਸੀ, ਕਾਰਨ ਪਾਰਟੀ ਦੀ ਲੀਡਰਸ਼ਿਪ ਉਨ੍ਹਾਂ ਤੋਂ ਪ੍ਰਭਾਵਿਤ ਸੀ। ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਅਤੇ ਪੂਰਬੀ ਦਿੱਲੀ ਤੋਂ ਐੱਮ.ਪੀ. ਗੌਤਮ ਗੰਭੀਰ ਵੀ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਦੌੜ 'ਚ ਸ਼ਾਮਲ ਸਨ ਪਰ ਇਨ੍ਹਾਂ ਦੋਹਾਂ 'ਚੋਂ ਕੋਈ ਵੀ ਪਾਰਟੀ ਨੂੰ ਇਕਮੁੱਠ ਰੱਖਣ ਦੇ ਯੋਗ ਨਹੀਂ ਸਮਝਿਆ ਗਿਆ। ਇਸ ਲਈ ਪਾਰਟੀ ਨੇ ਬਿਨਾਂ ਚਿਹਰੇ ਤੋਂ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।


Tanu

Content Editor

Related News