ਭਾਜਪਾ ਨੂੰ ਕਰਨਾਟਕ ''ਚ ਮੋਦੀ ਦੇ ਜਾਦੂ ਦੀ ਲੋੜ

Sunday, Apr 15, 2018 - 10:33 AM (IST)

ਭਾਜਪਾ ਨੂੰ ਕਰਨਾਟਕ ''ਚ ਮੋਦੀ ਦੇ ਜਾਦੂ ਦੀ ਲੋੜ

ਕਰਨਾਟਕ— ਇਸ ਸਮੇਂ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਭਾਜਪਾ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਨਿਰਾਸ਼ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਉਮੀਦਾਂ ਟਿਕਾਈਆਂ ਹੋਈਆਂ ਹਨ। ਹੁਣ ਤਕ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਸੂਬੇ ਵਿਚ ਥਾਂ-ਥਾਂ ਚੋਣ ਰੈਲੀਆਂ ਕਰ ਰਹੇ ਹਨ ਅਤੇ ਵੱਖ-ਵੱਖ ਮੱਠਾਂ 'ਚ ਜਾ ਕੇ ਚੋਣ ਰਣਨੀਤੀਆਂ ਦਾ ਅਧਿਐਨ ਕਰ ਰਹੇ ਹਨ। ਉਹ ਲਿੰਗਾਇਤਾਂ ਦੇ ਨਾਲ-ਨਾਲ ਵੋਕਾਲਿੰਗਾਜ ਭਾਈਚਾਰੇ ਦੇ ਲੋਕਾਂ ਨੂੰ ਵੀ ਆਪਣੇ ਹੱਕ 'ਚ ਕਰਨ ਲਈ ਸਰਗਰਮ ਹਨ। ਕਰਨਾਟਕ 'ਚ ਲੱਗਭਗ 700 ਮੱਠ ਹਨ ਪਰ ਸੂਬੇ ਦੀ ਲੀਡਰਸ਼ਿਪ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਸਿੱਧਰਮੱਈਆ ਦਿਨ-ਬ-ਦਿਨ ਲੋਕਾਂ 'ਚ ਆਪਣਾ ਆਧਾਰ ਮਜ਼ਬੂਤ ਕਰਦੇ ਜਾ ਰਹੇ ਹਨ। 1-2 ਟੀ. ਵੀ. ਚੈਨਲਾਂ ਨੂੰ ਛੱਡ ਕੇ ਸੂਬੇ ਦੇ ਸਭ ਕੰਨੜ ਚੈਨਲ ਇਹੀ ਕਹਿ ਰਹੇ ਹਨ ਕਿ ਕਾਂਗਰਸ ਦਾ ਪੱਲੜਾ ਭਾਰੀ ਹੈ। ਭਾਜਪਾ ਦੀ ਇਕ ਮੁਸ਼ਕਿਲ ਇਹ ਵੀ ਹੈ ਕਿ ਪਾਰਟੀ ਦਾ ਕੋਈ ਵੀ ਕੌਮੀ ਨੇਤਾ ਕੰਨੜ ਭਾਸ਼ਾ ਨਹੀਂ ਬੋਲ ਸਕਦਾ। ਪਾਰਟੀ ਦੇ ਸਥਾਨਕ ਆਗੂ ਇਕਮੁੱਠ ਨਹੀਂ ਹਨ। ਇਸ ਦੇ ਉਲਟ ਰਾਹੁਲ ਗਾਂਧੀ ਨੇ ਸਿੱਧਰਮੱਈਆ ਨੂੰ ਫ੍ਰੀ ਹੈਂਡ ਦਿੱਤਾ ਹੋਇਆ ਹੈ ਅਤੇ ਉਨ੍ਹਾਂ ਪਾਰਟੀ ਦੇ ਸਭ ਆਗੂਆਂ ਨੂੰ ਸਪੱਸ਼ਟ ਕਿਹਾ ਹੋਇਆ ਹੈ ਕਿ ਉਹ ਸਿੱਧਰਮਈਆ ਨਾਲ ਸਹਿਯੋਗ ਕਰਨ। ਰਾਹੁਲ ਨੇ ਦਲਿਤ, ਓ. ਬੀ. ਸੀ. ਅਤੇ ਮੁਸਲਿਮ ਵੋਟ ਬੈਂਕ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ, ਜਦਕਿ ਭਾਜਪਾ 17 ਫੀਸਦੀ ਲਿੰਗਾਇਤਾਂ ਨੂੰ ਯੇਦੀਯੁਰੱਪਾ ਦੀ ਅਗਵਾਈ ਹੇਠ ਇਕੱਠਾ ਕਰਨ ਲਈ ਸੰਘਰਸ਼ ਕਰ ਰਹੀ ਹੈ। ਮੋਦੀ ਨੇ ਸੰਕੇਤ ਦਿੱਤਾ ਹੈ ਕਿ ਉਹ 20 ਅਪ੍ਰੈਲ ਨੂੰ ਬਰਤਾਨੀਆ ਦੌਰੇ ਤੋਂ ਵਾਪਸ ਆਉਣ ਪਿੱਛੋਂ ਸੂਬੇ 'ਚ 15 ਤੋਂ 18 ਰੈਲੀਆਂ ਨੂੰ ਸੰਬੋਧਨ ਕਰਨਗੇ। ਭਾਜਪਾ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਲੋਕਾਂ ਦਾ ਮੂਡ ਬਦਲਣ ਕਿਉਂਕਿ ਪਿਛਲੇ ਦਿਨੀਂ ਕਰਵਾਏ ਗਏ 2 ਸਰਵੇਖਣਾਂ ਨੇ ਕਿਹਾ ਹੈ ਕਿ ਕਾਂਗਰਸ ਭਾਜਪਾ ਨਾਲੋਂ ਅੱਗੇ ਜਾ ਰਹੀ ਹੈ। 
ਪ੍ਰਧਾਨ ਮੰਤਰੀ ਦੀਆਂ ਵਧੇਰੇ ਪਬਲਿਕ ਰੈਲੀਆਂ ਨੂੰ ਜ਼ਿਲਾ ਪੱਧਰ 'ਤੇ ਆਯੋਜਿਤ ਕੀਤਾ ਜਾਏਗਾ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਤਕ ਪ੍ਰਧਾਨ ਮੰਤਰੀ ਦੀ ਪਹੁੰਚ ਹੋ ਸਕੇ। ਮੋਦੀ ਇਕ ਦਿਨ 'ਚ 2 ਤੋਂ 3 ਰੈਲੀਆਂ ਨੂੰ ਸੰਬੋਧਨ ਕਰਨਗੇ। ਪਿਛਲੇ ਸਾਲ ਉੱਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਦੌਰਾਨ ਮੋਦੀ ਨੇ 24 ਰੈਲੀਆਂ ਨੂੰ ਸੰਬੋਧਿਤ ਕੀਤਾ ਸੀ। 2015 'ਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ 31 ਰੈਲੀਆਂ 'ਚ ਭਾਸ਼ਣ ਦਿੱਤੇ ਸਨ। ਤ੍ਰਿਪੁਰਾ 'ਚ ਪ੍ਰਧਾਨ ਮੰਤਰੀ ਨੇ 4 ਰੈਲੀਆਂ 'ਚ ਹਿੱਸਾ ਲਿਆ ਸੀ। ਭਾਜਪਾ ਨੂੰ ਉਮੀਦ ਹੈ ਕਿ ਮੋਦੀ ਦੇ ਜਾਦੂ ਨਾਲ ਉਸ ਨੂੰ 1 ਤੋਂ 2 ਫੀਸਦੀ ਵੋਟਾਂ ਵੱਧ ਮਿਲ ਸਕਦੀਆਂ ਹਨ।


Related News