ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੈਅ ਕਰਨ ਲਈ ਭਾਜਪਾ ਦੀ ਮੀਟਿੰਗ ਜਲਦੀ

06/21/2022 11:12:26 AM

ਨਵੀਂ ਦਿੱਲੀ– ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਲਈ ਭਾਜਪਾ ਦੇ ਸੰਸਦੀ ਬੋਰਡ ਦੀ ਅਹਿਮ ਮੀਟਿੰਗ ਇਸ ਹਫ਼ਤੇ ਦੇ ਸ਼ੁਰੂ ’ਚ ਹੋਣ ਦੀ ਸੰਭਾਵਨਾ ਹੈ। ਭਾਵੇਂ ਕਿ ਪ੍ਰਧਾਨ ਮੰਤਰੀ 25 ਜੂਨ ਦੀ ਸ਼ਾਮ ਨੂੰ ਜੀ-7 ਮੀਟਿੰਗ ਲਈ ਰਵਾਨਾ ਹੋ ਰਹੇ ਹਨ ਅਤੇ 29 ਜੂਨ ਦੀ ਸਵੇਰ ਨੂੰ ਵਾਪਸ ਆਉਣਗੇ, ਇਸ ਲਈ ਸਮੇਂ ਦੀ ਗੰਭੀਰ ਕਮੀ ਹੈ।

ਜੀ-7 ਸਿਖਰ ਸੰਮੇਲਨ ਭਾਵੇਂ 27 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਪਰ ਪੀ. ਐੱਮ. ਮੋਦੀ 26 ਜੂਨ ਨੂੰ ਹੀ ਜਰਮਨੀ ਪਹੁੰਚ ਜਾਣਗੇ। ਉਹ 26 ਜੂਨ ਨੂੰ ਮਿਊਨਿਖ ਦੇ ਇਕ ਸਟੇਡੀਅਮ ’ਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਨ ਵਾਲੇ ਹਨ, ਜਿੱਥੇ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ।

ਇਸ ਲਈ ਭਾਜਪਾ ਨੇ 25 ਜੂਨ ਦੀ ਸ਼ਾਮ ਨੂੰ ਮੋਦੀ ਦੇ ਰਵਾਨਾ ਹੋਣ ਤੋਂ ਪਹਿਲਾਂ ਆਪਣਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੈਅ ਕਰਨਾ ਹੈ ਕਿਉਂਕਿ ਰਾਸ਼ਟਰਪਤੀ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਕ 29 ਜੂਨ ਹੈ।

ਮੋਦੀ ਦੇ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਰੁਝੇਵਿਆਂ ਨੂੰ ਦੇਖਦੇ ਹੋਏ ਭਾਜਪਾ ਨੂੰ ਸੰਸਦੀ ਬੋਰਡ ਦੀ ਮੀਟਿੰਗ ਬੁਲਾ ਕੇ ਇਹ ਕੰਮ ਕਰਨਾ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਆਪਣੀ ਸੰਸਦੀ ਪਾਰਟੀ ਦੀ ਮੀਟਿੰਗ ਵੀ ਬੁਲਾ ਸਕਦੀ ਹੈ, ਕਿਉਂਕਿ ਅਜਿਹੀ ਮੀਟਿੰਗ 2017 ’ਚ ਵੀ ਹੋਈ ਸੀ, ਜਦੋਂ ਰਾਮ ਨਾਥ ਕੋਵਿਦ ਨੂੰ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ ਸੀ।

ਸੂਤਰਾਂ ਮੁਤਾਬਕ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਐੱਨ. ਡੀ. ਏ. ਦੇ ਸਹਿਯੋਗੀਆਂ ਅਤੇ ਛੋਟੀਆਂ ਪਾਰਟੀਆਂ ਨਾਲ ਗੱਲ ਕਰ ਰਹੇ ਹਨ, ਜੋ ਸੰਸਦ ’ਚ ਕਿਸੇ ਵੀ ਸਮੂਹ ਨਾਲ ਨਹੀਂ ਜੁੜੇ ਹੋਏ ਹਨ, ਜਦੋਂ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਰੋਧੀ ਪਾਰਟੀਆਂ ਨਾਲ ਗੱਲ ਕਰ ਰਹੇ ਹਨ।

ਦੋਵੇਂ ਨੇਤਾ ਪ੍ਰਧਾਨ ਮੰਤਰੀ ਨੂੰ ਅਤੇ ਫਿਰ ਸੰਸਦੀ ਬੋਰਡ ਨੂੰ ਇਸ ਬਾਰੇ ਜਾਣਕਾਰੀ ਦੇਣਗੇ। ਇਸ ਦਰਮਿਆਨ ਭਾਜਪਾ ਲੀਡਰਸ਼ਿਪ ਆਰ. ਐੱਸ. ਐੱਸ. ਲੀਡਰਸ਼ਿਪ ਨੂੰ ਘਟਨਾਕ੍ਰਮ ਤੋਂ ਜਾਣੂ ਕਰਵਾਏਗੀ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਹੋ ਸਕਦਾ ਹੈ। 2017 ’ਚ, ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੂੰ ਉਨ੍ਹਾਂ ਨੂੰ ਜਾਣੂ ਕਰਵਾਉਣ ਅਤੇ ਕੋਵਿੰਦ ਦੇ ਨਾਂ ’ਤੇ ਉਨ੍ਹਾਂ ਦੀ ਰਾਏ ਲੈਣ ਲਈ ਬੁਲਾਇਆ ਸੀ।

ਭਾਜਪਾ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਵਿਰੋਧੀ ਪਾਰਟੀਆਂ ਜਾਂ ਸਹਿਯੋਗੀਆਂ ਨੂੰ ਕਿਸੇ ਵੀ ਸੰਭਾਵੀ ਨਾਂ ਦਾ ਸੰਕੇਤ ਨਹੀਂ ਦਿੱਤਾ ਹੈ। ਨੱਢਾ ਅਤੇ ਸਿੰਘ ਸਾਰੀਆਂ ਪਾਰਟੀਆਂ ਤੋਂ ਸੁਝਾਅ ਮੰਗ ਰਹੇ ਹਨ ਅਤੇ ਉਹ ਇਸ ਸਬੰਧ ’ਚ ਹੋਈ ਤਰੱਕੀ ਬਾਰੇ ਬੋਰਡ ਨੂੰ ਜਾਣੂ ਕਰਵਾਉਣਗੇ।


Rakesh

Content Editor

Related News