ਯੂ. ਪੀ., ਬਿਹਾਰ ਤੇ ਰਾਜਸਥਾਨ ’ਚ ਭਾਜਪਾ ਨੂੰ ਚੜ੍ਹਤ; ਪੱਛਮੀ ਬੰਗਾਲ ’ਚ ਤ੍ਰਿਣਮੂਲ ਦਾ ਦਬਦਬਾ

Sunday, Nov 24, 2024 - 11:15 AM (IST)

ਯੂ. ਪੀ., ਬਿਹਾਰ ਤੇ ਰਾਜਸਥਾਨ ’ਚ ਭਾਜਪਾ ਨੂੰ ਚੜ੍ਹਤ; ਪੱਛਮੀ ਬੰਗਾਲ ’ਚ ਤ੍ਰਿਣਮੂਲ ਦਾ ਦਬਦਬਾ

ਨਵੀਂ ਦਿੱਲੀ- ਸ਼ਨੀਵਾਰ ਐਲਾਨੇ ਗਏ ਜ਼ਿਮਨੀ ਚੋਣਾਂ ਦੇ ਨਤੀਜਿਆਂ ਮੁਤਾਬਕ ਸੱਤਾਧਾਰੀ ਪਾਰਟੀਆਂ ਨੇ ਵਧੇਰੇ ਸੀਟਾਂ ’ਤੇ ਦਬਦਬਾ ਬਣਾਇਆ ਹੈ। ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ’ਚ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਚੜ੍ਹਤ ਰਹੀ ਜਦੋਂ ਕਿ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ’ਚ ਦਬਦਬਾ ਬਣਾਈ ਰੱਖਿਆ। ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ 26 ਸੀਟਾਂ ਜਿੱਤੀਆਂ ਅਤੇ ਪਿਛਲੀ ਵਾਰ ਨਾਲੋਂ 9 ਸੀਟਾਂ ਦਾ ਵਾਧਾ ਕੀਤਾ। ਕਾਂਗਰਸ ਨੇ 7 ਸੀਟਾਂ ਜਿੱਤੀਆਂ । ਪਹਿਲਾਂ ਦੇ ਮੁਕਾਬਲੇ ਉਸ ਨੂੰ 6 ਸੀਟਾਂ ਦਾ ਨੁਕਸਾਨ ਹੋਇਆ। ਤ੍ਰਿਣਮੂਲ ਕਾਂਗਰਸ ਨੂੰ 6, ਆਮ ਆਦਮੀ ਪਾਰਟੀ (ਆਪ) ਨੂੰ 3 ਤੇ ਸਮਾਜਵਾਦੀ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ।

ਕੇਰਲ ’ਚ ਸੱਤਾਧਾਰੀ ਖੱਬੇ ਪੱਖੀ ਜਮਹੂਰੀ ਮੋਰਚਾ (ਐੱਲ. ਡੀ. ਐੱਫ.) ਤੇ ਰਾਜਸਥਾਨ ’ਚ ਭਾਰਤ ਆਦਿਵਾਸੀ ਪਾਰਟੀ (ਬੀ. ਏ. ਪੀ.) ਨੂੰ ਇਕ-ਇਕ ਸੀਟ ਮਿਲੀ ਹੈ। ਸਿੱਕਮ ਦੀਆਂ 2 ਸੀਟਾਂ ’ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ। ਉੱਤਰ ਪ੍ਰਦੇਸ਼ ’ਚ ਭਾਜਪਾ ਨੇ 9 ’ਚੋਂ 7 ਸੀਟਾਂ ਜਿੱਤੀਆਂ ਹਨ। ਉਸ ਦੀ ਸਹਿਯੋਗੀ ਰਾਸ਼ਟਰੀ ਲੋਕ ਦਲ ਨੇ ਇਕ ਸੀਟ ਬਰਕਰਾਰ ਰੱਖੀ ਹੈ। ਸਮਾਜਵਾਦੀ ਪਾਰਟੀ ਨੇ ਵੀ 2 ਸੀਟਾਂ ਬਰਕਰਾਰ ਰੱਖੀਆਂ ਹਨ। ਰਾਜਸਥਾਨ ’ਚ ਸੱਤਾਧਾਰੀ ਭਾਜਪਾ ਨੇ 7 ’ਚੋਂ 5 ਸੀਟਾਂ ਜਿੱਤੀਆਂ ਹਨ। ਬਿਹਾਰ ’ਚ ਸੱਤਾਧਾਰੀ ਐੱਨ. ਡੀ. ਏ. ਨੇ ਚਾਰਾਂ ਵਿਧਾਨ ਸਭਾ ਹਲਕਿਆਂ ’ਚ ਜਿੱਤ ਹਾਸਲ ਕੀਤੀ ਹੈ।

ਪੱਛਮੀ ਬੰਗਾਲ ’ਤੇ ਤ੍ਰਿਣਮੂਲ ਕਾਂਗਰਸ ਦੀ ਮਜ਼ਬੂਤ ​​ਪਕੜ ਨਜ਼ਰ ਆ ਰਹੀ ਹੈ। ਪਾਰਟੀ ਨੇ ਸਾਰੀਆਂ 6 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ’ਚੋਂ ਸਭ ਤੋਂ ਅਹਿਮ ਮਦਾਰੀਹਾਟ ਸੀਟ ਹੈ ਜੋ ਉਸ ਨੇ ਭਾਜਪਾ ਤੋਂ ਖੋਹੀ ਹੈ। ਕਰਨਾਟਕ ’ਚ ਕਾਂਗਰਸ ਨੇ ਉਪ ਚੋਣਾਂ ਦੌਰਾਨ ਤਿੰਨੋਂ ਸੀਟਾਂ ਜਿੱਤ ਲਈਆਂ ਹਨ। ਕੇਰਲ ’ਚ ਉਸ ਨੇ ਪਲੱਕੜ ਵਿਧਾਨ ਸਭਾ ਸੀਟ ਨੂੰ ਬਰਕਰਾਰ ਰੱਖਿਆ, ਜਦੋਂ ਕਿ ਸੱਤਾਧਾਰੀ ਐੱਲ. ਡੀ. ਐੱਫ. ਨੇ ਚੇਲਕਾਰਾ ਵਿਧਾਨ ਸਭਾ ਸੀਟ ’ਤੇ ਆਪਣੀ ਪਕੜ ਬਣਾਈ ਰੱਖੀ। ਗੁਜਰਾਤ ’ਚ ਸੱਤਾਧਾਰੀ ਭਾਜਪਾ ਨੇ ਉਪ-ਚੋਣਾਂ ’ਚ ਕਾਂਗਰਸ ਤੋਂ ਵਾਵ ਵਿਧਾਨ ਸਭਾ ਸੀਟ ਖੋਹ ਲਈ। ਉਸ ਨੇ ਛੱਤੀਸਗੜ੍ਹ ਦੀ ਰਾਏਪੁਰ ਸਿਟੀ ਦੱਖਣੀ ਵਿਧਾਨ ਸਭਾ ਸੀਟ ਤੇ ਉੱਤਰਾਖੰਡ ਦੀ ਕੇਦਾਰਨਾਥ ਵਿਧਾਨ ਸਭਾ ਸੀਟ ਵੀ ਬਰਕਰਾਰ ਰੱਖੀ। ਮੱਧ ਪ੍ਰਦੇਸ਼ ’ਚ ਭਾਜਪਾ ਨੇ ਬੁਧਨੀ ਸੀਟ ਤੇ ਆਪਣੀ ਪਕੜ ਬਰਕਰਾਰ ਰੱਖੀ, ਜੋ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਪਰ ਉਸ ਨੂੰ ਉਦੋਂ ਝਟਕਾ ਲੱਗਾ ਜਦੋਂ ਰਾਜ ਮੰਤਰੀ ਰਾਮਨਿਵਾਸ ਰਾਵਤ ਵਿਜੇਪੁਰ ਵਿਧਾਨ ਸਭਾ ਸੀਟ ਤੋਂ ਹਾਰ ਗਏ ਤੇ ਕਾਂਗਰਸ ਇੱਥੇ ਜਿੱਤ ਗਈ।


author

Tanu

Content Editor

Related News