UP ਅਤੇ ਪੰਜਾਬ ''ਚ ਭਾਜਪਾ ਦੇ ਕਈ ਨੇਤਾਵਾਂ ਨੂੰ ਮਿਲੀ VIP ਸੁਰੱਖਿਆ

Wednesday, Feb 16, 2022 - 05:38 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਲਗਭਗ 2 ਦਰਜਨ ਭਾਜਪਾ ਨੇਤਾਵਾਂ ਨੂੰ ਹਥਿਆਰਬੰਦ ਨੀਮ ਫ਼ੌਜੀ ਕਮਾਂਡੋ ਦਾ ਵੀ.ਆਈ.ਪੀ. ਸੁਰੱਖਿਆ ਕਵਚ ਪ੍ਰਦਾਨ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਮੰਤਰੀ ਐੱਸ.ਪੀ.ਐੱਸ. ਬਘੇਲ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ, ਜੋ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵਿਰੁੱਧ ਚੋਣ ਲੜ ਰਹੇ ਹਨ। ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਸੂਬਿਆਂ 'ਚ ਕੁਝ ਉਮੀਦਵਾਰਾਂ ਨੂੰ ਚੋਣ ਦੀ ਪ੍ਰਕਿਰਿਆ ਖ਼ਤਮ ਹੋਣ ਤੱਕ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕੁਝ ਲੋਕਾਂ ਨੂੰ ਸੂਬੇ ਦੀ ਪੁਲਸ ਸੁਰੱਖਿਆ ਤੋਂ ਇਲਾਵਾ ਕੇਂਦਰੀ ਕਵਚ ਪ੍ਰਦਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਸੈਲਫ਼ੀ ਬਣੀ 'ਕਾਲ', ਗੁਰੂਗ੍ਰਾਮ 'ਚ 18 ਤੋਂ 20 ਸਾਲ ਦੇ 4 ਨੌਜਵਾਨਾਂ ਦੀ ਦਰਦਨਾਕ ਮੌਤ

ਇਨ੍ਹਾਂ ਨੂੰ ਮਿਲਿਆ ਹੈ ਵੀ.ਆਈ. ਸੁਰੱਖਿਆ ਕਵਚ
ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਹੈ। ਦੋਵੇਂ ਨੀਮ ਫ਼ੌਜੀ ਫ਼ੋਰਸਾਂ ਕੋਲ ਵੀ.ਆਈ.ਪੀ. ਸੁਰੱਖਿਆ ਕਮਾਂਡੋ ਹਨ। ਬਘੇਲ ਤੋਂ ਇਲਾਵਾ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ ਨੂੰ ਵੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਬਘੇਲ ਉੱਤਰ ਪ੍ਰਦੇਸ਼ ਦੀ ਕਰਹਲ ਸੀਟ ਤੋਂ ਸਪਾ ਮੁਖੀ ਅਖਿਲੇਸ਼ ਯਾਦਵ ਵਿਰੁੱਧ ਚੋਣ ਲੜ ਰਹੇ ਹਨ। ਭਾਜਪਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਸੀ ਕਿ ਸਪਾ ਦੇ ਗੁੰਡਿਆਂ ਨੇ ਰਾਜ ਦੇ ਮੈਨਪੁਰੀ ਜ਼ਿਲ੍ਹੇ 'ਚ ਬਘੇਲ ਦੇ ਕਾਫ਼ਲੇ 'ਤੇ ਹਮਲਾ ਕੀਤਾ ਸੀ। ਉੱਤਰ ਪ੍ਰਦੇਸ਼ ਦੀ ਭਦੋਹੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਚੰਦ ਬਿੰਦ ਨੂੰ ਉਨ੍ਹਾਂ ਦੇ ਸੂਬੇ 'ਚ ਸੀ.ਆਈ.ਐੱਸ.ਐੱਫ. ਦੀ 'ਐਕਸ' ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ। ਦੋਵੇਂ ਸੂਬਿਆਂ 'ਚ ਸੀ.ਆਰ.ਪੀ.ਐੱਫ. ਨੂੰ ਘੱਟੋ-ਘੱਟ 20 ਨੇਤਾਵਾਂ ਅਤੇ ਉਮੀਦਵਾਰਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ 'ਚ ਸੁਖਵਿੰਦਰ ਸਿੰਘ ਬਿੰਦਰਾ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅੇਤ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਅਵਤਾਰ ਸਿੰਘ ਜ਼ੀਰਾ ਨੂੰ 'ਵਾਈ' ਤੋਂ 'ਵਾਈ ਪਲੱਸ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪੁਲਸ ਹੱਥ ਲੱਗੀ ਸਫ਼ਲਤਾ, ਜੈਸ਼-ਏ-ਮੁਹੰਮਦ ਲਈ ਕੰਮ ਕਰਨ ਵਾਲੇ 10 ਲੋਕ ਗ੍ਰਿਫ਼ਤਾਰ

VIP ਸੁਰੱਖਿਆ ਦੀਆਂ 6 ਕੈਟੇਗਰੀ
ਵੀ.ਆਈ.ਪੀ. ਸੁਰੱਖਿਆ ਦੇ ਅਧੀਨ 6 ਕੈਟੇਗਰੀ ਹੁੰਦੀਆਂ ਹਨ। ਇਨ੍ਹਾਂ 'ਚ ਐੱਕਸ, ਵਾਈ, ਵਾਈ ਪਲੱਸ, ਜ਼ੈੱਡ, ਜ਼ੈੱਡ ਪਲੱਸ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਸ਼ਾਮਲ ਹਨ। ਐੱਸ.ਪੀ.ਜੀ ਸਿਰਫ਼ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ, ਜਦੋਂ ਕਿ ਹੋਰ ਸੁਰੱਖਿਆ ਸ਼੍ਰੇਣੀਆਂ ਦੀ ਸੁਰੱਖਿਆ ਖੁਫ਼ੀਆ ਵਿਭਾਗ ਦੇ ਇਨਪੁਟ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ। ਹਰੇਕ ਸ਼੍ਰੇਣੀ 'ਚ ਸੁਰੱਖਿਆ ਕਰਮੀਆਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News