ਭਾਜਪਾ ਨੇਤਾ ਸ਼ਾਂਤਾ ਕੁਮਾਰ ਦੀ ਕੈਪਟਨ 'ਤੇ ਚੁਟਕੀ, ਕਿਹਾ- ਲੋਕਤੰਤਰ ਦੀ ਬਿਹਤਰੀ ਲਈ ਨਾ ਛੱਡੋ ਕਾਂਗਰਸ
Saturday, Oct 02, 2021 - 12:58 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਕਿਹਾ ਹੈ ਕਿ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਪਰ ਅੱਜ ਇਸ ਦੀ ਸਥਿਤੀ ਇਕ ਮਜ਼ਾਕ ਵਰਗੀ ਬਣ ਕੇ ਰਹਿ ਗਈ ਹੈ। ਸ਼ਾਂਤਾ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਜਾਰੀ ਇਕ ਬਿਆਨ ’ਚ ਕਿਹਾ ਕਿ ਖੁਸ਼ਕਿਸਮਤੀ ਨਾਲ ਵਿਸ਼ਵ ’ਚ ਸਭ ਤੋਂ ਵੱਧ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਸਫ਼ਲ ਅਗਵਾਈ ਕਰ ਰਹੇ ਹਨ ਪਰ ਲੋਕਤੰਤਰ ਲਈ ਇਕ ਸਿਹਤਮੰਦ ਅਤੇ ਮਜ਼ਬੂਤ ਵਿਰੋਧ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮਹਾਰੋਗ ਦਾ ਇਕ ਹੀ ਇਲਾਜ ਹੈ ਕਿ ਉਸ ਨੂੰ ਗਾਂਧੀ ਪਰਿਵਾਰ ਦੇ ਗੁਲਾਮੀ ਤੋਂ ਬਾਹਰ ਨਿਕਲਣਾ ਚਾਹੀਦਾ। ਹਾਲਾਂਕਿ ਦੇਸ਼ ’ਚ ਕਾਂਗਰਸ ਹੀ ਭਾਜਪਾ ਤੋਂ ਇਲਾਵਾ ਇਕਮਾਤਰ ਰਾਸ਼ਟਰੀ ਰਾਜਨੀਤਕ ਦਲ ਹੈ। ਬਾਕੀ ਜੋ ਦਲ ਹਨ, ਉਹ ਸਾਰੇ ਇਕ ਪ੍ਰਦੇਸ਼ ਜਾਂ ਇਕ ਨੇਤਾ ਪਰਿਵਾਰ ਦੇ ਹਨ। ਜੇਕਰ ਕਾਂਗਰਸ ਖ਼ਤਮ ਹੋ ਗਈ ਤਾਂ ਦੇਸ਼ ਦਾ ਲੋਕਤੰਤਰ ਬਿਨਾਂ ਵਿਰੋਧੀ ਧਿਰ ਹੋ ਜਾਵੇਗਾ ਅਤੇ ਇਕ ਪਹੀਆ ਸੱਤਾਧਾਰੀ ਦਲ ਅਤੇ ਦੂਜਾ ਵਿਰੋਧੀ ਧਿਰ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ’ਚ ਹਾਲੇ ਵੀ ਚੰਗੇ ਰਾਸ਼ਟਰੀ ਨੇਤਾ ਹਨ। ਕੈਪਟਨ ਅਮਰਿੰਦਰ ਸਿੰਘ, ਥਰੂਰ ਸਮੇਤ ਜੀ 23 ਸਮੂਹ ਦੇ ਅਨੁਭਵੀ ਨੇਤਾ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨਾ ਛੱਡਣ। ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ ਅਤੇ ਥਰੂਰ ਵਰਗੇ ਜੀ 23 ਨੇਤਾ ਮਿਲ ਕੇ ਕਾਂਗਰਸ ਨੂੰ ਇਕ ਪਰਿਵਾਰ ਦੀ ਗੁਲਾਮੀ ਤੋਂ ਬਾਹਰ ਕੱਢਣ। ਇਨ੍ਹਾਂ ਸਾਰੇ ਵੱਡੇ ਨੇਤਾਵਾਂ ਨੂੰ ਮਿਲ ਬੈਠ ਕੇ ਇਹ ਰਸਤਾ ਕੱਢਣਾ ਚਾਹੀਦਾ। ਉਨ੍ਹਾਂ ਨੂੰ ਭਰੋਸਾ ਹੈ ਕਿ ਦੇਸ਼ ਨੂੰ ਇਕ ਮਜ਼ਬੂਤ ਅਤੇ ਰਾਸ਼ਟਰੀ ਵਿਰੋਧੀ ਧਿਰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ, ਉਹ ਇਕ ਪਰਿਵਾਰ ਦੀ ਗੁਲਾਮੀ ’ਚ ਘੁੱਟ-ਘੁੱਟ ਕੇ ਮਰ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਬੋਲੇ PM ਮੋਦੀ- ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਦੱਸਿਆ 'ਰਾਜਨੀਤਕ ਧੋਖਾਧੜੀ'
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ