ਭਾਜਪਾ ਨੇਤਾ RP ਸਿੰਘ ਨੇ ਪਾਕਿ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਸਿੱਖਾਂ ਦੇ ਕਿਰਪਾਨ ਮਸਲੇ ’ਤੇ ਜਤਾਇਆ ਸਖ਼ਤ ਇਤਰਾਜ਼

Saturday, Dec 25, 2021 - 08:52 PM (IST)

ਨਵੀਂ ਦਿੱਲੀ (ਵੈੱਬ ਡੈਸਕ)-ਪੇਸ਼ਾਵਰ ਹਾਈਕੋਰਟ ਦੇ ਸਿੱਖਾਂ ਦੀ ਕਿਰਪਾਨ ਬਾਰੇ ਦਿੱਤੇ ਹੁਕਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਸਖਤ ਇਤਰਾਜ਼ ਜਤਾਉਂਦਿਆਂ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ’ਚ ਲਿਖਿਆ ਕਿ ਇਕ ਅਭਿਲਾਸੀ ਸਿੱਖ ਹੋਣ ਦੇ ਨਾਤੇ ਕਿਰਪਾਨ ਸਾਹਿਬ ਬਾਰੇ ਪਾਕਿਸਤਾਨ ਦੀ ਪੇਸ਼ਾਵਰ ਹਾਈਕੋਰਟ ਦੇ ਹੁਕਮਾਂ ਦੀ ਸਖ਼ਤ ਨਿਖੇਧੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਹੁਕਮ ਨਾਲ ਵਿਸ਼ਵ ਭਰ ’ਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਹ ਸਾਨੂੰ ਗੁਰੂ ਜੀ ਦੀ ਕਿਰਪਾ ਸਦਕਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਲਾਘਾਯੋਗ ਹੋਵੇਗਾ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ’ਚ ਤੁਰੰਤ ਦਖਲ ਦੇ ਕੇ ਇਸ ਹੁਕਮ ਨੂੰ ਵਾਪਸ ਦਿਵਾਏ ਤਾਂ ਜੋ ਪਾਕਿਸਤਾਨ ’ਚ ਸਿੱਖ ਭਾਈਚਾਰਾ ਉਸੇ ਤਰ੍ਹਾਂ ਦੀ ਧਾਰਮਿਕ ਆਜ਼ਾਦੀ ਦਾ ਆਨੰਦ ਮਾਣ ਸਕੇ, ਜਿਸ ਤਰ੍ਹਾਂ ਉਹ ਦੁਨੀਆ ਭਰ ’ਚ ਮਾਣ ਰਿਹਾ ਹੈ। ਆਰ. ਪੀ. ਸਿੰਘ ਨੇ ਕਿਹਾ ਕਿ ਕੇਸ, ਕੰਘਾ, ਕੜਾ ਅਤੇ ਕਛਹਿਰਾ ਦੇ ਨਾਲ ਕਿਰਪਾਨ ਸਿੱਖ ਧਰਮ ਦੇ ਪੰਜ ਚਿੰਨ੍ਹਾਂ (ਕੱਕਾਰਾਂ) ’ਚੋਂ ਪੰਜਵਾਂ ਹੈ। ਕਿਰਪਾਨ ਜਾਂ ਸਿਰੀ ਸਾਹਿਬ ਜ਼ੁਲਮ ਵਿਰੁੱਧ ਬਗਾਵਤ ਦੀ ਪ੍ਰਤੀਕ ਹੈ। ਉਨ੍ਹਾਂ ਪਾਕਿ ਹਾਈ ਕਮਿਸ਼ਨਰ ਤੋਂ ਪਾਕਿਸਤਾਨ ’ਚ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਅਤੇ ਵਿਸ਼ਵਾਸ ਦੇ ਇਸ ਮਹੱਤਵਪੂਰਨ ਮਾਮਲੇ ’ਚ ਤੁਹਾਡੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਕੇਜਰੀਵਾਲ ਵੱਲੋਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨਾਲ ਮੁਲਾਕਾਤ, ਕਿਹਾ-‘ਆਪ’ ਸਰਕਾਰ ਬਣਨ ’ਤੇ ਮੰਗਾਂ ਕਰਾਂਗੇ ਪੂਰੀਆਂ

ਇਹ ਹੈ ਮਾਮਲਾ
ਦਰਅਸਲ, ਪੇਸ਼ਾਵਰ ਹਾਈਕੋਰਟ ਨੇ ਇਕ ਵਿਵਾਦਪੂਰਨ ਫੈਸਲਾ ਦਿੰਦੇ ਹੋਏ ਹੁਕਮ ਜਾਰੀ ਕੀਤਾ ਕਿ ਹਥਿਆਰ ਨੀਤੀ ਤਹਿਤ ਹੁਣ ਲਾਇਸੈਂਸ ਦੇ ਨਾਲ ਹੀ ਕਿਰਪਾਨ ਰੱਖਣ ਦੀ ਇਜਾਜ਼ਤ ਹੈ ਤੇ ਸਿੱਖਾਂ ਨੂੰ ਵੀ ਇਸ ਦੀ ਪਾਲਣਾ ਕਰਨੀ ਪਵੇਗੀ। ਅਦਾਲਤ ਨੇ ਹੁਕਮ ਦਿੱਤੇ ਹਨ ਕਿ ਕਿਰਪਾਨ ਰੱਖਣੀ ਹੈ ਤਾਂ ਉਸਦਾ ਬਕਾਇਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ। ਅਦਾਲਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਵਿਚ ਰਹਿੰਦੇ ਹਜ਼ਾਰਾਂ ਸਿੱਖ ਗੁੱਸੇ ਵਿਚ ਹਨ ਤੇ ਉਸ ਦਾ ਅਸਰ ਹੁਣ ਭਾਰਤ ਰਹਿੰਦੇ ਸਿੱਖਾਂ ਦੇ ਮਨਾਂ ਉੱਪਰ ਵੀ ਦਿਖਾਈ ਦੇ ਰਿਹਾ ਹੈ।
 

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News