ਭਾਜਪਾ ਆਗੂ ਆਰ. ਪੀ. ਸਿੰਘ ਨੇ ਟਵੀਟ ਕਰ ਸ਼ਿਲਾਂਗ ’ਚ ਵਸਦੇ ਸਿੱਖਾਂ ਦਾ ਚੁੱਕਿਆ ਮੁੱਦਾ
Monday, Oct 11, 2021 - 07:32 PM (IST)
ਨੈਸ਼ਨਲ ਡੈਸਕ : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਮੇਘਾਲਿਆ ਸਰਕਾਰ ਵੱਲੋਂ ਸ਼ਿਲਾਂਗ ਦੇ ਲਿਊ ਮਾਅਲੌਗ ਖੇਤਰ ’ਚ ਵਸਦੇ ਸਿੱਖ ਭਾਈਚਾਰੇ ਤੋਂ ਜ਼ਮੀਨ ਖਾਲੀ ਕਰਵਾਉਣ ਲਈ ਕੀਤੇ ਫ਼ੈਸਲੇ ਨੂੰ ਲੈ ਕੇ ਟਵੀਟ ਕੀਤਾ ਹੈ। ਆਰ. ਪੀ. ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੇਘਾਲਿਆ ਦੇ ਕੇਂਦਰ ’ਚ 2.5 ਏਕੜ ਦੀ ਪ੍ਰਮੁੱਖ ਜ਼ਮੀਨ ਨੂੰ ਵੇਖਦਿਆਂ ਸਿੱਖਾਂ ਨੂੰ ਉਹ ਜ਼ਮੀਨ ਖਾਲੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਖਾਸੀ ਪਹਾੜੀਆਂ-ਹਿਮਾ ਮੇਲਿਮ ਦੇ ਇਕ ਮੁਖੀ ਵੱਲੋਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਸੀ, ਇਸ ਲਈ ਇਸ ’ਤੇ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ’ਚ ਦਖਲ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ
ਜ਼ਿਕਰਯੋਗ ਹੈ ਕਿ ਮੇਘਾਲਿਆ ਕੈਬਨਿਟ ਵੱਲੋਂ ਸ਼ਿਲਾਂਗ ਦੇ ਲੇਵ ਮਾਅਲੌਂਗ ਖੇਤਰ ’ਚ ਵਸਦੇ ਸਿੱਖਾਂ ਨੂੰ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਕੁਝ ਦਿਨਾਂ ਬਾਅਦ ਸ਼ਿਲਾਂਗ ’ਚ ਸਿੱਖ ਭਾਈਚਾਰੇ ਨੇ ਕਿਹਾ ਹੈ ਕਿ ਉਹ ਆਪਣੇ ਹੱਕ ਲਈ ਲੜਨਗੇ। ਸੂਬਾਈ ਕੈਬਨਿਟ ਨੇ ਉਪ ਮੁੱਖ ਮੰਤਰੀ ਪ੍ਰੈਸਟਨ ਟਿਨਸੋਂਗ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ (ਐੱਚ. ਐੱਲ. ਸੀ.) ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਇਸ ਹਫ਼ਤੇ ਦੇ ਸ਼ੁਰੂ ’ਚ ਇਹ ਫ਼ੈਸਲਾ ਲਿਆ।