ਕਰਨਾਟਕ ਹਾਰ ਕਾਰਨ ਬੀ. ਐੱਮ. ਸੀ. ਚੋਣਾਂ ਲਈ ਜ਼ਿਆਦਾ ਚੌਕਸ ਹੋਈ ਭਾਜਪਾ
Friday, Aug 11, 2023 - 05:19 PM (IST)

ਨਵੀਂ ਦਿੱਲੀ- ਕਰਨਾਟਕ ਦੀ ਕਰਾਰੀ ਹਾਰ ਦਾ ਅਸਰ ਭਾਜਪਾ ’ਤੇ ਸਾਫ ਦਿਖਣ ਲੱਗਾ ਹੈ। ਸੱਤਾਧਾਰੀ ਪਾਰਟੀ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਤੁਰੰਤ ਬਾਅਦ ਬ੍ਰਹਿਨਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਚੋਣਾਂ ਕਰਵਾਉਣ ਦਾ ਐਲਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਸੂਬਾ ਭਾਜਪਾ ਮੁਖੀ ਚੰਦਰਸ਼ੇਖਰ ਬਾਵਨਕੁਲੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਮੁੰਬਈ ਭਾਜਪਾ ਮੁਖੀ ਆਸ਼ੀਸ਼ ਸ਼ੇਲਾਰ ਅਤੇ ਹੋਰਨਾਂ ਨੇਤਾਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹਰੇਕ ਨਗਰਪਾਲਿਕਾ ਵਾਰਡ ਵਿਚ ਹਮਲਾਵਰ ਢੰਗ ਨਾਲ ਕੰਮ ਕਰਨਾ ਸ਼ੁਰੂ ਕਰਨ ਲਈ ਕਿਹਾ ਸੀ।
ਸ਼ਾਹ ਨੇ ਬੀ. ਐੱਮ. ਸੀ. ਨੂੰ ਠਾਕਰੇ ਧੜੇ ਤੋਂ ਖੋਹਣ ਲਈ ਮਹਾਰਾਸ਼ਟਰ ਦੇ ਨੇਤਾਵਾਂ ਨੂੰ 7-ਸੂਤਰੀ ਪ੍ਰੋਗਰਾਮ ਦਿੱਤਾ ਸੀ। ਸੁਪਰੀਮ ਕੋਰਟ ਦੇ ਫੈਸਲੇ ਨਾਲ ਸ਼ਿੰਦੇ ਸਮੂਹ ਨੂੰ ਅਹੁਦੇ ’ਤੇ ਬਣੇ ਰਹਿਣ ਲਈ ਰਾਹਤ ਮਿਲ ਸਕਦੀ ਹੈ ਪਰ ਸੁਪਰੀਮ ਕੋਰਟ ਅਤੇ ਹੋਰ ਮੰਚਾਂ ’ਤੇ ਕਾਨੂੰਨੀ ਲੜਾਈ ਆਉਣ ਵਾਲੇ ਲੰਬੇ ਸਮੇਂ ਤੱਕ ਜਾਰੀ ਰਹੇਗੀ।
ਪੀ. ਐੱਮ. ਮੋਦੀ ਨੇ ਵੀ ਮੁੰਬਈ ਦਾ ਦੌਰਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਸੂਬੇ ਵਿਚ ਟ੍ਰਿਪਲ ਇੰਜਣ ਸਰਕਾਰ ਦੀ ਲੋੜ ਹੈ ਪਰ ਕਰਨਾਟਕ ਨਤੀਜਿਆਂ ਨੇ ਇਸ ਯੋਜਨਾ ਨੂੰ ਖਤਰੇ ਵਿਚ ਪਾ ਦਿੱਤਾ ਹੈ। ਮੁੰਬਈ-ਕਰਨਾਟਕ ਖੇਤਰ ਵਿਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਜਿਥੇ ਵਧੇਰੇ ਸੀਟਾਂ ਕਾਂਗਰਸ ਦੇ ਖਾਤੇ ਵਿਚ ਚਲੀਆਂ ਗਈਆਂ।