ਭਾਜਪਾ ਚੋਣ ਜਿੱਤਣ ਲਈ ਸਾਰਿਆਂ ਨੂੰ ਜੇਲ੍ਹ ''ਚ ਬੰਦ ਕਰ ਰਹੀ ਹੈ: ਮਮਤਾ ਬੈਨਰਜੀ
Thursday, Feb 01, 2024 - 03:17 PM (IST)
ਸ਼ਾਂਤੀਪੁਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਝਾਰਖੰਡ 'ਚ ਆਪਣੇ ਹਮਰੁਤਬਾ ਹੇਮੰਤ ਸੋਰੇਨ ਨੂੰ ਜ਼ਮੀਨ ਘਪਲੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਆਗਾਮੀ ਲੋਕ ਸਭਾ ਚੋਣਾਂ ਜਿੱਤਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੇਲ੍ਹ ਵਿਚ ਬੰਦ ਰਹੀ ਹੈ। ਬੈਨਰਜੀ ਨੇ ਨਾਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਵਿਚ ਇਕ ਜਨਤਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਵੀ ਡੱਕ ਦਿੱਤਾ ਜਾਵੇ ਤਾਂ ਵੀ ਉਹ ਇਸ ਤੋਂ ਬਾਹਰ ਆ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਸਾਰਿਆਂ ਨੂੰ ਜੇਲ੍ਹ 'ਚ ਬੰਦ ਕਰ ਰਹੀ ਹੈ।
ਮਮਤਾ ਨੇ ਦੋਹਰਾਇਆ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਬਣਾਉਣ ਲਈ ਉਤਸੁਕ ਸੀ ਪਰ ਉਸ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰ ਦਿੱਤਾ। ਮਮਤਾ ਨੇ ਕਿਹਾ ਕਿ ਅਸੀਂ ਗਠਜੋੜ ਚਾਹੁੰਦੇ ਸੀ ਪਰ ਕਾਂਗਰਸ ਇਸ ਲਈ ਤਿਆਰ ਨਹੀਂ ਹੋਈ।