ਭਾਜਪਾ ਨੂੰ ਸਾਲ 2019-20 ''ਚ ਮਿਲਿਆ 785 ਕਰੋੜ ਦਾ ਚੰਦਾ, ਕਾਂਗਰਸ ਦੇ ਮੁਕਾਬਲੇ 5 ਗੁਣਾ ਵੱਧ

06/11/2021 12:17:45 PM

ਨੈਸ਼ਨਲ ਡੈਸਕ- ਭਾਜਪਾ ਨੂੰ ਲਗਾਤਾਰ 7ਵੇਂ ਸਾਲ ਸਭ ਤੋਂ ਵੱਧ ਚੰਦਾ ਮਿਲਿਆ ਹੈ। 2019-20 'ਚ ਪਾਰਟੀ ਨੂੰ ਕੰਪਨੀਆਂ, ਸੰਸਥਾਵਾਂ ਅਤੇ ਵੱਖ-ਵੱਖ ਲੋਕਾਂ ਤੋਂ ਲਗਭਗ 785 ਕਰੋੜ ਰੁਪਏ ਦਾ ਚੰਦਾ ਮਿਲਿਆ। ਇਹ ਰਕਮ ਕਾਂਗਰਸ ਨੂੰ ਮਿਲੇ ਲਗਭਗ 139 ਕਰੋੜ ਰੁਪਏ ਤੋਂ 5 ਗੁਣਾ ਜ਼ਿਆਦਾ ਹੈ। ਚੋਣਾਵੀ ਬਾਂਡ ਰਾਹੀਂ ਮਿਲੇ ਚੰਦੇ ਤੋਂ ਇਹ ਰਾਸ਼ੀ ਵੱਖ ਹੈ। ਭਾਜਪਾ ਵਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਭਾਜਪਾ ਨੂੰ ਚੰਦਾ ਦੇਣ 'ਚ ਦਿ ਪਰੂਡੈਂਟ ਇਲੈਕਟੋਰਲ ਟਰੱਸਟ (217.75 ਕਰੋੜ ਰੁਪਏ), ਪਾਰਟੀ ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਦੀ ਜੁਪਿਟਰ ਕੈਪਟਿਲ (15 ਕਰੋੜ), ਆਈ.ਟੀ.ਸੀ. ਗਰੁੱਪ (76 ਕਰੋੜ), ਰੀਅਲ ਐਸਟੇਟ ਕੰਪਨੀ ਮੈਕ੍ਰੋਟੈਕ ਡਿਵੈਲਪਰਜ਼ (21 ਕਰੋੜ), ਬੀ.ਜੀ. ਸ਼ਿਰਕੇ ਕੰਸਟਰਕਸ਼ਨ ਟੈਕਨਾਲੋਜੀ (35 ਕਰੋੜ) ਅਤੇ ਜਨਕਲਿਆਣ ਇਲੈਕਟੋਰਲ ਟਰੱਸਟ (46 ਕਰੋੜ) ਸ਼ਾਮਲ ਹਨ। ਭਾਜਪਾ ਨੂੰ ਗੁਲਮਰਗ ਰਿਅਲਟਰਜ਼ ਤੋਂ ਵੀ 20 ਕਰੋੜ ਰੁਪਏ ਦਾ ਚੰਦਾ ਮਿਲਿਆ, ਜੋ ਬਿਲਡਰ ਸੁਧਾਕਰ ਸ਼ੈਟੀ ਦੀ ਕੰਪਨੀ ਹੈ।

ਭਾਜਪਾ ਨੂੰ ਸਭ ਤੋਂ ਵੱਧ ਚੰਦਾ ਦੇਣ ਵਾਲੇ ਨੇਤਾਵਾਂ 'ਚ ਪੀਊਸ਼ ਗੋਇਲ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਕਿਰਨ ਖੇਰ ਅਤੇ ਰਮਨ ਸਿੰਘ ਸ਼ਾਮਲ ਹਨ। ਖਾਂਡੂ ਨੇ 1.1 ਕਰੋੜ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ 5 ਲੱਖ ਰੁਪਏ ਦਿੱਤੇ। ਭਾਜਪਾ ਅਤੇ ਕਾਂਗਰਸ ਤੋਂ ਇਲਾਵਾ 2019-20 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨੂੰ 59 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ ਨੂੰ 8 ਕਰੋੜ ਰੁਪਏ, ਮਾਕਪਾ ਨੂੰ 19.6 ਕਰੋੜ ਰੁਪਏ ਅਤੇ ਭਾਕਪਾ ਨੂੰ 1.9 ਕਰੋੜ ਰੁਪਏ ਦਾ ਚੰਦਾ ਮਿਲਿਆ। ਇਨ੍ਹਾਂ ਪਾਰਟੀਆਂ ਨੂੰ ਪ੍ਰਾਪਤ ਚੰਦਾ ਇਸ ਤੋਂ ਕਿਤੇ ਜ਼ਿਆਦਾ ਹੋਵੇਗਾ, ਕਿਉਂਕਿ 20 ਹਜ਼ਾਰ ਰੁਪਏ ਤੋਂ ਘੱਟ ਦੇ ਦਾਨ ਨੂੰ ਚੋਣ ਕਮਿਸ਼ਨ ਨੂੰ ਭੇਜੇ ਜਾਣ ਵਾਲੀ ਰਿਪੋਰਟ 'ਚ ਸ਼ਾਮਲ ਨਹੀਂ ਕੀਤਾ ਜਾਂਦਾ। ਵੱਡੀ ਗਿਣਤੀ 'ਚ ਚੰਦਾ 20 ਹਜ਼ਾਰ ਤੋਂ ਘੱਟ ਦੀ ਰਕਮ 'ਚ ਪ੍ਰਾਪਤ ਹੁੰਦਾ ਹੈ।


DIsha

Content Editor

Related News