ਕੇਰਲ ’ਚ ਭਾਜਪਾ ਦੀਆਂ ਨਜ਼ਰਾਂ ਹਿੰਦੂ ਤੇ ਈਸਾਈ ਵੋਟਰਾਂ ’ਤੇ

Thursday, Mar 06, 2025 - 12:39 AM (IST)

ਕੇਰਲ ’ਚ ਭਾਜਪਾ ਦੀਆਂ ਨਜ਼ਰਾਂ ਹਿੰਦੂ ਤੇ ਈਸਾਈ ਵੋਟਰਾਂ ’ਤੇ

ਨੈਸ਼ਨਲ ਡੈਸਕ- ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਭਗਵਾ ਝੰਡਾ ਲਹਿਰਾਉਣ ਤੋਂ ਬਾਅਦ ਭਾਜਪਾ ਨੇ ਹੁਣ ਆਪਣਾ ਧਿਆਨ 2025-26 ’ਚ ਹੋਰ ਵੱਖ-ਵੱਖ ਸੂਬਿਆਂ ’ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵੱਲ ਕੇਂਦ੍ਰਿਤ ਕਰ ਦਿੱਤਾ ਹੈ। ਅਗਲੇ 15 ਮਹੀਨਿਆਂ ਦੌਰਾਨ 6 ਸੂਬਿਆਂ ’ਚ ਚੋਣਾਂ ਹੋਣੀਆਂ ਹਨ।

ਇਨ੍ਹਾਂ ’ਚ ਬਿਹਾਰ, ਆਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਪੁਡੂਚੇਰੀ ਸ਼ਾਮਲ ਹਨ। ਦਿੱਲੀ, ਮਹਾਰਾਸ਼ਟਰ ਤੇ ਹਰਿਆਣਾ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਨੇ ਆਪਣਾ ਧਿਆਨ ਦੱਖਣੀ ਸੂਬਿਆਂ ਖਾਸ ਕਰ ਕੇ ਕੇਰਲ ਵੱਲ ਕੇਂਦ੍ਰਿਤ ਕੀਤਾ ਹੈ ਕਿਉਂਕਿ ਇਸ ਨੇ ਅਾਸਾਮ ਅਤੇ ਪੁਡੂਚੇਰੀ ’ਚ ਮਜ਼ਬੂਤ ​​ਪਕੜ ਬਣਾਈ ਹੈ । ਹੁਣ ਉਸ ਨੇ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਲਈ ਇਕ ਸਖ਼ਤ ਚੁਣੌਤੀ ਪੇਸ਼ ਕੀਤੀ ਹੈ।

ਬਿਹਾਰ ’ਚ ਇਸ ਸਾਲ ਦੇ ਅੰਤ ਤੱਕ ਤੇ ਹੋਰਨਾਂ ਥਾਵਾਂ ’ਤੇ 2026 ’ਚ ਅਸੈਂਬਲੀ ਚੋਣਾਂ ਹੋਣੀਆਂ ਹਨ। ਬਿਹਾਰ, ਆਸਾਮ ਤੇ ਪੁਡੂਚੇਰੀ ’ਚ ਭਾਜਪਾ ਸੱਤਾ ਵਿਚ ਹੈ। ਡੀ. ਐੱਮ. ਕੇ. ਤਾਮਿਲਨਾਡੂ, ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਤੇ ਖੱਬੇ ਪੱਖੀ ਡੈਮੋਕ੍ਰੇਟਿਕ ਫਰੰਟ ਕੇਰਲ ’ਚ ਸੱਤਾ ਵਿਚ ਹੈ।

ਭਾਜਪਾ ਆਗੂਆਂ ਨੇ ਇਨ੍ਹਾਂ ਤਿੰਨਾਂ ਸੂਬਿਆਂ ’ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਪਰ ਵਿਸ਼ੇਸ਼ ਧਿਆਨ ਕੇਰਲ ’ਤੇ ਹੈ ਜਿੱਥੇ ਭਾਜਪਾ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਨੂੰ ਨੰਬਰ 2 ਦੇ ਅਹੁਦੇ ਤੋਂ ਹਟਾ ਸਕਦੀ ਹੈ। ਕਾਂਗਰਸ ਕੇਰਲ ’ਚ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਤੇ ਵੰਡੀ ਹੋਈ ਹੈ।

ਲੋਕ ਸਭਾ ਦੀਆਂ ਚੋਣਾਂ ’ਚ ਕੇਰਲ ਤੋਂ ਇਕ ਸੀਟ ਜਿੱਤਣ ਵਾਲੀ ਭਾਜਪਾ ਹੁਣ ਵਿਧਾਨ ਸਭਾ ’ਚ ਆਪਣੀ ਤਾਕਤ ਵਧਾਉਣ ਲਈ ਮੈਦਾਨ ’ਚ ਹੈ। ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਕੇਰਲ ਦੇ ਇੰਚਾਰਜ ਹਨ। ਕੇਰਲ ਵਿਧਾਨ ਸਭਾ ਦਾ ਕਾਰਜਕਾਲ 23 ਮਈ, 2026 ਨੂੰ ਖਤਮ ਹੋ ਰਿਹਾ ਹੈ।

ਭਾਜਪਾ ਨੇ ਸੂਬੇ ਦੇ ਹਿੰਦੂ ਤੇ ਈਸਾਈ ਵੋਟਰਾਂ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ ਜੋ ਕਾਂਗਰਸ ਦਾ ਮੁੱਖ ਆਧਾਰ ਰਹੇ ਹਨ। ਪਿਛਲੇ ਕੁਝ ਸਾਲਾਂ ’ਚ ਹਿੰਦੂਆਂ ਅਤੇ ਈਸਾਈਆਂ ਵਿਚਾਲੇ ਮੀਟਿੰਗਾਂ ਅਤੇ ਰੈਲੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾ ਚਰਚਾਂ ’ਚ ਪ੍ਰਾਰਥਨਾ ਸਭਾਵਾਂ ਚ ਸ਼ਾਮਲ ਹੋਏ, ਉਸ ਤੋਂ ਭਾਜਪਾ ਦੀਆਂ ਯੋਜਨਾਵਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਆਉਣ ਵਾਲੇ ਮਹੀਨਿਆਂ ’ਚ ਸ਼ਸ਼ੀ ਥਰੂਰ ਤੇ ਹੋਰ ਨੇਤਾਵਾਂ ’ਤੇ ਨਜ਼ਰ ਰੱਖਣ ਦੀ ਲੋੜ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਕੇਰਲ ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ’ਤੇ ਦਲ ਬਦਲੀ ਹੋਵੇਗੀ।


author

Rakesh

Content Editor

Related News