ਸੁਰਨਕੋਟ ਤੋਂ ਭਾਜਪਾ ਉਮੀਦਵਾਰ ਬੁਖਾਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

Wednesday, Oct 02, 2024 - 10:53 AM (IST)

ਜੰਮੂ- ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਅਤੇ ਸੁਰਨਕੋਟ ਤੋਂ ਭਾਜਪਾ ਦੇ ਉਮੀਦਵਾਰ ਮੁਸ਼ਤਾਕ ਅਹਿਮਦ ਸ਼ਾਹ ਬੁਖਾਰੀ ਦਾ ਬੁੱਧਵਾਰ ਨੂੰ ਪੁੰਛ ਜ਼ਿਲ੍ਹੇ ਵਿਚ ਉਨ੍ਹਾਂ ਦੇ ਘਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਪਾਰਟੀ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਬੁਖਾਰੀ 75 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਹੈ। ਭਾਜਪਾ ਦੇ ਇਕ ਨੇਤਾ ਨੇ ਦੱਸਿਆ ਕਿ ਬੁਖਾਰੀ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਸਵੇਰੇ ਕਰੀਬ 7 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੁਰਨਕੋਟ ਤੋਂ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਬੁਖਾਰੀ ਇਸ ਸਾਲ ਫਰਵਰੀ ਵਿਚ ਭਾਜਪਾ 'ਚ ਸ਼ਾਮਲ ਹੋਏ ਸਨ, ਜਦੋਂ ਕੇਂਦਰ ਨੇ ਉਨ੍ਹਾਂ ਦੇ ਪਹਾੜੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤਾ ਸੀ।

ਬੁਖਾਰੀ ਨੂੰ ਸੁਰਨਕੋਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ, ਜਿੱਥੇ 25 ਸਤੰਬਰ ਨੂੰ ਦੂਜੇ ਪੜਾਅ ਵਿਚ 25 ਹੋਰ ਖੇਤਰਾਂ ਨਾਲ ਵੋਟਿੰਗ ਹੋਈ ਸੀ। ਬੁਖਾਰੀ ਨੇ ਫਰਵਰੀ 2022 ਵਿਚ ਨੈਸ਼ਨਲ ਕਾਨਫਰੰਸ ਨਾਲ ਚਾਰ ਦਹਾਕੇ ਲੰਬਾ ਨਾਤਾ ਤੋੜ ਦਿੱਤਾ ਸੀ। ਦਰਅਸਲ ਅਨੁਸੂਚਿਤ ਜਨਜਾਤੀ ਦੇ ਦਰਜੇ ਨੂੰ ਲੈ ਕੇ ਉਨ੍ਹਾਂ ਦਾ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨਾਲ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ। ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਅਤੇ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਬੁਖਾਰੀ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਰੈਨਾ ਨੇ ਕਿਹਾ ਕਿ ਬੁਖਾਰੀ ਜਨ ਨੇਤਾ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਇਕ ਅਜਿਹਾ ਘਾਟਾ ਪਿਆ ਹੈ, ਜਿਸ ਨੂੰ ਭਰਨਾ ਬਹੁਤ ਮੁਸ਼ਕਲ ਹੈ।


Tanu

Content Editor

Related News