ਭਾਜਪਾ ਨੇ ਕਾਂਗਰਸ ''ਤੇ ਹਮਲਾ, ਖੜਗੇ ਨੇ ਰਾਸ਼ਟਰਪਤੀ ਮੁਰਮੂ ਤੇ ਰਾਮ ਨਾਥ ਕੋਵਿੰਦ ਦਾ ਕੀਤਾ ਅਪਮਾਨ
Tuesday, Jul 08, 2025 - 04:32 PM (IST)

ਨੈਸ਼ਨਲ ਡੈਸਕ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕੁਝ "ਇਤਰਾਜ਼ਯੋਗ" ਸ਼ਬਦਾਂ ਦੀ ਵਰਤੋਂ ਕਰ ਕੇ ਅਪਮਾਨ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ। ਇੱਕ ਦਿਨ ਪਹਿਲਾਂ ਖੜਗੇ ਨੇ ਛੱਤੀਸਗੜ੍ਹ 'ਚ ਇੱਕ ਸਮਾਗਮ 'ਚ ਰਾਸ਼ਟਰਪਤੀ ਮੁਰਮੂ ਤੇ ਸਾਬਕਾ ਰਾਸ਼ਟਰਪਤੀ ਕੋਵਿੰਦ ਦੇ ਨਾਵਾਂ ਦਾ ਕਥਿਤ ਤੌਰ 'ਤੇ ਗਲਤ ਉਚਾਰਨ ਕੀਤਾ ਸੀ ਪਰ ਤੁਰੰਤ ਆਪਣੀ ਗਲਤੀ ਸੁਧਾਰ ਲਈ। ਕਾਂਗਰਸ ਪ੍ਰਧਾਨ ਨੇ ਸੋਮਵਾਰ ਨੂੰ ਰਾਏਪੁਰ 'ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਸੀ, "ਭਾਜਪਾ ਹਮੇਸ਼ਾ (ਦ੍ਰੋਪਦੀ) ਮੁਰਮੂ ਜੀ ਅਤੇ (ਰਾਮ ਨਾਥ) ਕੋਵਿੰਦ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣ ਦੀ ਗੱਲ ਕਰਦੀ ਹੈ ਪਰ ਕੀ ਪਾਰਟੀ ਨੇ ਇਹ ਸਭ ਸਾਡੀ ਜਾਇਦਾਦ, ਜੰਗਲ, ਪਾਣੀ ਤੇ ਜ਼ਮੀਨ ਖੋਹਣ ਲਈ ਕੀਤਾ ਹੈ।"
ਇਹ ਵੀ ਪੜ੍ਹੋ...ਰੇਲਗੱਡੀ 'ਚ ਵੱਜੀ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ, ਫਾਟਕ ਖੁੱਲ੍ਹਾ ਰਹਿਣ ਕਾਰਨ ਵਾਪਰਿਆ ਹਾਦਸਾ
ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਗਾਇਆ ਕਿ ਖੜਗੇ ਨੇ "ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ"। ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਂਗਰਸ ਦੇ ਡੀਐਨਏ ਵਿੱਚ ਮੌਜੂਦ "ਦਲਿਤ ਵਿਰੋਧੀ, ਆਦਿਵਾਸੀ ਵਿਰੋਧੀ ਅਤੇ ਸੰਵਿਧਾਨ ਵਿਰੋਧੀ" ਮਾਨਸਿਕਤਾ ਨੂੰ ਦਰਸਾਉਂਦਾ ਹੈ। ਭਾਟੀਆ ਨੇ ਦੋਸ਼ ਲਾਇਆ, "ਤੁਸੀਂ (ਖੜਗੇ) ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ - ਤੁਸੀਂ ਰਾਮ ਨਾਥ ਕੋਵਿੰਦ ਜੀ ਨੂੰ 'ਕੋਵਿਡ' ਕਿਹਾ... ਤੁਸੀਂ 'ਮੁਰਮਾ ਜੀ' ਕਹਿੰਦੇ ਹੋ ਅਤੇ ਫਿਰ ਉਨ੍ਹਾਂ (ਰਾਸ਼ਟਰਪਤੀ ਦ੍ਰੋਪਦੀ ਮੁਰਮੂ) ਨੂੰ ਭੂ-ਮਾਫੀਆ ਕਹਿੰਦੇ ਹੋ ਅਤੇ ਦੋਸ਼ ਲਗਾਉਂਦੇ ਹੋ ਕਿ ਉਹ ਜਾਇਦਾਦ, ਜੰਗਲ ਖੋਹਣ ਲਈ ਰਾਸ਼ਟਰਪਤੀ ਬਣੀ ਸੀ।" ਕਾਂਗਰਸ ਨੇ ਅਜੇ ਤੱਕ ਭਾਜਪਾ ਦੇ ਇਸ ਦੋਸ਼ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਭਾਟੀਆ ਨੇ ਮੰਗ ਕੀਤੀ ਕਿ ਖੜਗੇ ਮੁਰਮੂ ਅਤੇ ਕੋਵਿੰਦ ਵਿਰੁੱਧ "ਅਪ੍ਰਸੰਗਿਕ ਅਤੇ ਅਪਮਾਨਜਨਕ" ਟਿੱਪਣੀਆਂ ਕਰਨ ਲਈ ਮੁਆਫ਼ੀ ਮੰਗਣ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਨੇ ਨਾ ਸਿਰਫ਼ ਉਨ੍ਹਾਂ ਦਾ ਅਪਮਾਨ ਕੀਤਾ ਹੈ ਬਲਕਿ ਆਪਣੀਆਂ ਟਿੱਪਣੀਆਂ ਨਾਲ ਆਦਿਵਾਸੀ ਤੇ ਦਲਿਤ ਭਾਈਚਾਰੇ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਖੜਗੇ ਦੀਆਂ ਟਿੱਪਣੀਆਂ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗੇ ਅਤੇ ਕਾਂਗਰਸੀ ਵਰਕਰਾਂ ਨੂੰ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ...ਖੇਮਕਾ ਕਤਲ ਕਾਂਡ : ਸ਼ੂਟਰ ਨੂੰ ਹਥਿਆਰ ਸਪਲਾਈ ਕਰਨ ਵਾਲਾ ਪੁਲਸ ਮੁਕਾਬਲੇ 'ਚ ਮਾਰਿਆ ਗਿਆ
ਭਾਜਪਾ ਨੇਤਾ ਨੇ ਕਿਹਾ, "ਜੇਕਰ ਕਾਂਗਰਸ ਅਤੇ ਮਲਿਕਾਰਜੁਨ ਖੜਗੇ ਮੁਆਫ਼ੀ ਨਹੀਂ ਮੰਗਦੇ ਤਾਂ ਤੁਸੀਂ ਦੇਖੋਗੇ ਕਿ ਦੇਸ਼ ਦਾ ਹਰ ਨਾਗਰਿਕ ਆਪਣਾ ਗੁੱਸਾ ਜ਼ਾਹਰ ਕਰੇਗਾ। ਇਹ ਗਲਤੀ ਕਾਂਗਰਸ ਨੂੰ ਬਹੁਤ ਮਹਿੰਗੀ ਪਵੇਗੀ।" ਖੜਗੇ ਨੂੰ ਕਾਂਗਰਸ ਦਾ 'ਰਿਮੋਟ-ਕੰਟਰੋਲ' ਰਾਸ਼ਟਰੀ ਪ੍ਰਧਾਨ ਦੱਸਦੇ ਹੋਏ ਭਾਜਪਾ ਬੁਲਾਰੇ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ 'ਇਤਰਾਜ਼ਯੋਗ ਟਿੱਪਣੀਆਂ' ਕੀਤੀਆਂ। ਭਾਟੀਆ ਨੇ ਕਿਹਾ, 'ਪੂਰਾ ਭਾਰਤ, ਆਦਿਵਾਸੀ ਸਮਾਜ, ਦਲਿਤ ਸਮਾਜ ਅਤੇ ਔਰਤਾਂ ਮਲਿਕਾਕਾਰਜੁਨ ਖੜਗੇ ਅਤੇ ਕਾਂਗਰਸ ਦੀ ਨਿੰਦਾ ਕਰ ਰਹੀਆਂ ਹਨ।'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e