ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਬਿਰਲਾ ਫਿਰ ਬਣ ਸਕਦੇ ਹਨ ਲੋਕ ਸਭਾ ਸਪੀਕਰ

Tuesday, Jun 25, 2024 - 05:20 PM (IST)

ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਬਿਰਲਾ ਫਿਰ ਬਣ ਸਕਦੇ ਹਨ ਲੋਕ ਸਭਾ ਸਪੀਕਰ

ਨਵੀਂ ਦਿੱਲੀ- ਜੇਕਰ ਰਾਜਸਥਾਨ ਦੇ ਕੋਟਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣੇ ਜਾਂਦੇ ਹਨ, ਤਾਂ ਉਹ ਦੋ ਦਹਾਕਿਆਂ ਤੋਂ ਵੱਧ ਸਮੇਂ 'ਚ ਇਹ ਅਹੁਦਾ ਮੁੜ ਸੰਭਾਲਣ ਵਾਲੇ ਪਹਿਲੇ ਵਿਅਕਤੀ ਹੋਣਗੇ। ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਵਿਚ ਬਿਰਲਾ ਲਗਾਤਾਰ ਤੀਜੀ ਵਾਰ ਕੋਟਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਕਾਂਗਰਸ ਨੇ ਉਨ੍ਹਾਂ ਦੇ ਸਾਹਮਣੇ ਭਾਜਪਾ ਤੋਂ ਪ੍ਰਹਿਲਾਦ ਗੁੰਜਾਲ ਨੂੰ ਮੈਦਾਨ 'ਚ ਉਤਾਰਿਆ ਸੀ। ਬਿਰਲਾ ਨੇ ਗੁੰਜਾਲ ਨੂੰ 41 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਮੁੜ ਕੋਟਾ ਲੋਕ ਸਭਾ ਸੀਟ ਜਿੱਤੀ। ਮੰਗਲਵਾਰ ਯਾਨੀ ਕਿ ਅੱਜ NDA ਨੇ ਬਿਰਲਾ ਨੂੰ ਸਰਬਸੰਮਤੀ ਨਾਲ ਲੋਕ ਸਭਾ ਸਪੀਕਰ ਦਾ ਉਮੀਦਵਾਰ ਬਣਾਇਆ। ਜੇ ਉਹ ਸਪੀਕਰ ਦੀ ਚੋਣ ਜਿੱਤ ਜਾਂਦੇ ਹਨ, ਤਾਂ ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਵਿਚ ਮੁੜ ਇਸ ਅਹੁਦੇ 'ਤੇ ਬਿਰਾਜਮਾਨ ਹੋਣ ਵਾਲੇ ਪਹਿਲੇ ਵਿਅਕਤੀ ਹੋਣਗੇ।

PunjabKesari

ਬਿਰਲਾ ਨੂੰ ਇਕ ਅਜਿਹਾ ਨੇਤਾ ਮੰਨਿਆ ਜਾਂਦਾ ਹੈ ਜੋ ਪਰਦੇ ਦੇ ਪਿੱਛੇ ਸੰਗਠਨ ਲਈ ਕੰਮ ਕਰਦੇ ਹਨ। ਉਨ੍ਹਾਂ ਨੇ 1991 ਤੋਂ 2003 ਤੱਕ ਭਾਜਪਾ ਦੇ ਯੂਥ ਵਿੰਗ ਲਈ ਕੰਮ ਕੀਤਾ ਅਤੇ ਇਸ ਦੌਰਾਨ ਉਹ ਆਮ ਭਾਜਪਾ ਵਰਕਰਾਂ ਅਤੇ ਵੱਡੇ ਨੇਤਾਵਾਂ ਦੇ ਸੰਪਰਕ ਵਿਚ ਆਏ। 2019 'ਚ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਲੋਕ ਸਭਾ ਦੇ ਸਪੀਕਰ ਲਈ ਉਨ੍ਹਾਂ ਦਾ ਨਾਂ ਪ੍ਰਸਤਾਵਿਤ ਕੀਤਾ ਗਿਆ ਸੀ। ਬਿਰਲਾ ਪਹਿਲੇ ਲੋਕ ਸਭਾ ਸਪੀਕਰ ਹਨ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਲੋਕ ਸਭਾ ਡਿਪਟੀ ਸਪੀਕਰ ਨਹੀਂ ਚੁਣਿਆ ਗਿਆ। ਬਿਰਲਾ ਕੋਲ ਸੰਸਦ ਦੀਆਂ ਪੁਰਾਣੀਆਂ ਅਤੇ ਨਵੀਂਆਂ ਇਮਾਰਤਾਂ ਵਿਚ ਲੋਕ ਸਭਾ ਦੀ ਪ੍ਰਧਾਨਗੀ ਕਰਨ ਦਾ ਰਿਕਾਰਡ ਵੀ ਹੈ। 17ਵੀਂ ਲੋਕ ਸਭਾ ਦੇ ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਸਦਨ ਤੋਂ ਬਾਹਰ ਕਰਨ ਅਤੇ ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਕਾਰਨ ਵੀ ਉਨ੍ਹਾਂ ਦਾ ਕਾਰਜਕਾਲ ਸੁਰਖੀਆਂ ਵਿਚ ਰਿਹਾ।

PunjabKesari

17ਵੀਂ ਲੋਕ ਸਭਾ ਦੌਰਾਨ ਹੀ 2023 ਵਿਚ ਨਵੀਂ ਸੰਸਦ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਨਵੇਂ ਲੋਕ ਸਭਾ ਚੈਂਬਰ 'ਚ ਬਿਰਲਾ ਨੇ ਸਪੀਕਰ ਵਜੋਂ ਹੇਠਲੇ ਸਦਨ ਦੀ ਕਾਰਵਾਈ ਚਲਾਈ। ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਸੰਸਦ 'ਚ ਧਾਰਾ 370 ਨੂੰ ਖਤਮ ਕਰਨਾ, ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨਾ, ਤਿੰਨ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨਾ ਸਮੇਤ ਕਈ ਮਹੱਤਵਪੂਰਨ ਵਿਧਾਨਕ ਕੰਮ ਹੋਏ। 62 ਸਾਲ ਦੇ ਬਿਰਲਾ ਲਈ ਕੋਟਾ ਉਨ੍ਹਾਂ ਦਾ ਜਨਮ ਸਥਾਨ ਅਤੇ ਕਾਰਜ ਸਥਾਨ ਦੋਵੇਂ ਰਿਹਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਕੋਟਾ ਤੋਂ  ਗੁਮਾਨਪੁਰਾ ਸਰਕਾਰੀ ਹਾਇਰ ਸੈਕੰਡਰੀ ਸਕੂਲ ਅਤੇ ਫਿਰ ਰਾਜਸਥਾਨ ਯੂਨੀਵਰਸਿਟੀ ਤੋਂ ਬੀ.ਕਾਮ ਅਤੇ ਐਮ.ਕਾਮ ਕੀਤੀ। ਬਿਰਲਾ ਤੋਂ ਪਹਿਲਾਂ ਹੇਠਲੇ ਸਦਨ ਲਈ ਮੁੜ ਚੁਣੇ ਜਾਣ ਵਾਲੇ ਆਖਰੀ ਲੋਕ ਸਭਾ ਸਪੀਕਰ ਪੀ.ਏ. ਸੰਗਮਾ, ਜੋ 1996 ਤੋਂ 1998 ਤੱਕ 11ਵੀਂ ਲੋਕ ਸਭਾ ਦੇ ਪ੍ਰਧਾਨ ਰਹੇ। ਸੰਗਮਾ, ਜੋ ਉਸ ਸਮੇਂ ਕਾਂਗਰਸ ਦੇ ਮੈਂਬਰ ਸਨ, 1998 ਦੀਆਂ ਲੋਕ ਸਭਾ ਚੋਣਾਂ ਵਿਚ ਮੇਘਾਲਿਆ ਦੇ ਤੁਰਾ ਤੋਂ ਮੁੜ ਚੁਣੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਦੀ ਪਿਛਲੀ ਬੈਠਕ 'ਚ ਬਿਰਲਾ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ।


author

Tanu

Content Editor

Related News