ਨੌਜਵਾਨ ਦੀ ਕੁੱਟਮਾਰ ਨਾਲ ਮੌਤ ਮਗਰੋਂ ਅੱਗਜ਼ਨੀ, ਭੰਨਤੋੜ, ਧਾਰਾ-144 ਲਾਗੂ
Monday, Feb 06, 2023 - 10:56 AM (IST)
ਪਟਨਾ- ਬਿਹਾਰ ਦੇ ਸਾਰਣ ਜ਼ਿਲ੍ਹੇ ਦੇ ਮਾਂਝੀ ਥਾਣੇ ਅਧੀਨ ਮੁਬਾਰਕਪੁਰ ਪਿੰਡ 'ਚ ਬੰਧਕ ਬਣਾ ਕੇ 3 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਅਤੇ ਦੋ ਹੋਰ ਜ਼ਖਮੀ ਹੋਣ 'ਤੇ ਅੱਗਜ਼ਨੀ ਅਤੇ ਭੰਨਤੋੜ ਦੀ ਘਟਨਾ ਦੇ ਮੱਦੇਨਜ਼ਰ ਇਲਾਕੇ 'ਚ ਤਣਾਅ ਨੂੰ ਵੇਖਦੇ ਹੋਏ ਧਾਰਾ-144 ਤਹਿਤ ਕਰਫਿਊ ਲਾਗੂ ਕਰ ਦਿੱਤੀ ਗਈ ਹੈ। ਪੁਲਸ ਹੈੱਡਕੁਆਰਟਰ ਤੋਂ ਸੋਮਵਾਰ ਨੂੰ ਜਾਰੀ ਬਿਆਨ ਮੁਤਾਬਕ ਸਾਰਣ ਦੇ ਮਾਂਝੀ ਥਾਣਾ 'ਚ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਧਾਰਾ-144 ਤਹਿਤ ਕਰਫਿਊ ਲਾਗੂ ਕੀਤਾ ਗਿਆ ਹੈ। ਉਲੰਘਣ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਿਆਨ ਮੁਤਾਬਕ ਵੀਡੀਓਗ੍ਰਾਫ਼ਰ ਵੀ ਰੱਖੇ ਗਏ ਹਨ, ਜੋ ਕਿਸੇ ਵੀ ਤਰ੍ਹਾਂ ਦੀ ਗੜਬੜੀ 'ਚ ਸ਼ਾਮਲ ਲੋਕਾਂ ਦਾ ਲਗਾਤਾਰ ਵੀਡੀਓ ਬਣਾਉਣਗੇ। ਜ਼ਿਲ੍ਹੇ ਦੇ ਬਾਹਰ ਵਾਧੂ ਸੁਰੱਖਿਆ ਫੋਰਸ ਲਾਈ ਗਈ ਹੈ। ਕਤਲਕਾਂਡ ਵਿਚ ਦੋ ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਿੰਡ ਦੇ ਮੁਖੀਆ ਪ੍ਰਤੀਨਿਧੀ ਵਿਜੇ ਯਾਦਵ ਅਤੇ ਉਸ ਦੇ ਸਮਰਥਕਾਂ 'ਤੇ 2 ਫਰਵਰੀ ਨੂੰ 3 ਨੌਜਵਾਨਾਂ ਅਮਿਤੇਸ਼ ਸਿੰਘ, ਰਾਹੁਲ ਸਿੰਘ ਅਤੇ ਆਲੋਕ ਸਿੰਘ ਨੂੰ ਬੰਧਕ ਬਣਾ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ, ਜਿਸ ਵਿਚ ਅਮਿਤੇਸ਼ ਦੀ ਮੌਤ ਹੋ ਗਈ, ਜਦਕਿ ਬਾਕੀ ਦੋ ਨੌਜਵਾਨਾਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।