ਬਿਹਾਰ 'ਚ ਆਸਮਾਨੀ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ

Sunday, Apr 26, 2020 - 05:50 PM (IST)

ਬਿਹਾਰ 'ਚ ਆਸਮਾਨੀ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ

ਛਪਰਾ- ਬਿਹਾਰ 'ਚ ਛਪਰਾ ਕੋਲ ਐਤਵਾਰ ਨੂੰ ਵੱਡੀ ਘਟਨਾ ਸਾਹਮਣੇ ਆਈ। ਛਪਰਾ ਨਾਲ ਲੱਗਦੇ ਵਿਸ਼ੁਨਪੁਰਾ 'ਚ ਐਤਵਾਰ ਸਵੇਰੇ ਬਾਰਸ਼ ਦੌਰਾਨ ਆਸਮਾਨੀ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਲਪੇਟ 'ਚ ਆਏ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।  ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਸਾਰਨ ਜ਼ਿਲੇ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ ਦੋ ਜਮੂਈ ਵਿਚ ਅਤੇ ਇੱਕ ਭੋਜਪੁਰ ਵਿਚ ਮਾਰੇ ਗਏ। ਪੁਲਸ ਸੁਪਰਡੈਂਟ ਹਰੀ ਕਿਸ਼ੋਰ ਰਾਏ ਨੇ ਦੱਸਿਆ ਕਿ ਸਾਰਨ ਜ਼ਿਲੇ ਵਿਚ ਅੱਠ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਛਪਰਾ ਸਦਰ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਕੁਝ ਲੋਕ ਦਿਆਰਾ ਇਲਾਕੇ 'ਚ ਖੇਤ 'ਚ ਗਏ ਸਨ। ਉੱਥੇ ਅਚਾਨਕ ਹਨੇਰੀ ਨਾਲ ਬਾਰਸ਼ ਸ਼ੁਰੂ ਹੋ ਗਈ। ਲੋਕ ਖੁਦ ਨੂੰ ਬਚਾਉਣ ਲਈ ਕੋਲ ਦੀ ਇਕ ਝੌਪੜੀ 'ਚ ਚੱਲੇ ਗਏ। ਅਚਾਨਕ ਆਸਮਾਨੀ ਬਿਜਲੀ ਡਿੱਗੀ, ਜਿਸ ਦੀ ਲਪੇਟ 'ਚ ਸਾਰੇ ਲੋਕ ਆ ਗਏ। ਮੌਕੇ 'ਤੇ ਹੀ ਕੁਝ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਜ਼ਖਮੀ ਲੋਕਾਂ ਨੂੰ ਤੁਰੰਤ ਛਪਰਾ ਦੇ ਸਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਦੇਸ਼ ਦੇ ਹੋਰ ਇਲਾਕਿਆਂ ਦੀ ਤਰਾਂ ਬਿਹਾਰ 'ਚ ਵੀ ਕੁਝ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਕਿਤੇ-ਕਿਤੇ ਤੇਜ਼ ਹਨੇਰੀ ਦੀਆਂ ਵੀ ਖਬਰਾਂ ਹਨ।

ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਨ੍ਹਾਂ ਮੌਤਾਂ ‘ਤੇ ਦੁੱਖ ਜਤਾਇਆ ਅਤੇ ਮ੍ਰਿਤਕਾਂ ਦੇ ਹਰੇਕ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ।


author

DIsha

Content Editor

Related News