ਬਿਹਾਰ ਚੋਣਾਂ: ਭਾਜਪਾ ਦਾ ਵਾਅਦਾ- ਝੋਨਾ,ਕਣਕ ਤੋਂ ਬਾਅਦ ਦਾਲ਼ਾਂ ਦੀ ਖ਼ਰੀਦ ਵੀ ਹੋਵੇਗੀ ਐੱਮ.ਐੱਸ.ਪੀ. ਦੀਆਂ ਦਰਾਂ 'ਤੇ

10/22/2020 5:27:42 PM

ਪਟਨਾ- ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ 'ਚ ਪਟਨਾ 'ਚ ਇਹ ਸੰਕਲਪ ਪੱਤਰ ਜਾਰੀ ਕੀਤਾ ਗਿਆ। ਇਸ ਦੌਰਾਨ ਭਾਜਪਾ ਨੇ 11 ਵੱਡੇ ਸੰਕਲਪ ਕੀਤੇ ਹਨ ਅਤੇ ਸੱਤਾ 'ਚ ਆਉਣ 'ਤੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਭਾਜਪਾ ਵਲੋਂ ਨਵੇਂ ਨਾਅਰੇ ਵੀ ਦਿੱਤੇ ਗਏ ਹਨ, ਜਿਸ 'ਚ 'ਭਾਜਪਾ ਹੈ ਤਾਂ ਭਰੋਸਾ ਹੈ' ਅਤੇ '5 ਸੂਤਰ, ਇਕ ਲਕਸ਼ਯ, 11 ਸੰਕਲਪ' ਵੀ ਸ਼ਾਮਲ ਹਨ। ਨਿਰਮਲਾ, ਭੂਪੇਂਦਰ ਯਾਦਵ ਸਮੇਤ ਹੋਰ ਨੇਤਾਵਾਂ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸੀਤਾਰਮਨ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਨਹੀਂ ਆਉਂਦੀ ਹੈ, ਉਦੋਂ ਤੱਕ ਮਾਸਕ ਹੀ ਵੈਕਸੀਨ ਹੈ ਪਰ ਜਿਵੇਂ ਹੀ ਵੈਕਸੀਨ ਆਏਗੀ ਤਾਂ ਭਾਰਤ 'ਚ ਉਸ ਦਾ ਪ੍ਰੋਡਕਸ਼ਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬਿਹਾਰ ਚੋਣ : ਭਾਜਪਾ ਦੇ ਮੈਨੀਫੈਸਟੋ 'ਚ 11 ਸੰਕਲਪ, ਕੋਰੋਨਾ ਵੈਕਸੀਨ ਦੇ ਮੁਫ਼ਤ ਟੀਕਾਕਰਣ ਦਾ ਵਾਅਦਾ

 ਇਸੇ ਦੌਰਾਨ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ 'ਚ ਹੋਰਾਂ ਦਾਅਵਿਆਂ ਸੰਗ ਇੱਕ ਵਾਅਦਾ ਇਹ ਵੀ ਹੈ ਕਿ ਜੇਕਰ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਝੋਨਾ ਅਤੇ ਕਣਕ ਤੋਂ ਬਾਅਦ ਦਾਲਾਂ ਦੀ ਖ਼ਰੀਦ ਵੀ ਐਮ.ਐਸ.ਪੀ. ਦੀਆਂ ਦਰਾਂ 'ਤੇ ਕੀਤੀ 
ਜਾਵੇਗੀ। ਇਹ ਚੋਣ ਮਨੋਰਥ ਪੱਤਰ ਉਦੋਂ ਜਾਰੀ ਕੀਤਾ ਗਿਆ ਹੈ ਜਦੋਂ ਬਿਹਾਰ ਦੀਆਂ ਚੋਣਾਂ ਬਰੂਹਾਂ 'ਤੇ ਹਨ ਅਤੇ ਪੰਜਾਬ ਸਮੇਤ ਕਈ ਰਾਜਾਂ 'ਚ ਕੇਂਦਰ ਵਲੋਂ ਜਾਰੀ ਕੀਤੇ ਗਏ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਕਰ ਰਹੇ ਕਿਸਾਨਾਂ ਦਾ ਤਰਕ ਹੈ ਕਿ ਕੇਂਦਰ ਸਰਕਾਰ ਲਿਖਤੀ ਰੂਪ ਚ ਕਾਨੂੰਨ ਬਣਾਏ ਕਿ ਐੱਮ.ਐੱਸ.ਪੀ. ਬੰਦ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਸਮੇਤ ਸਰਕਾਰ ਦੇ ਕਈ ਮੰਤਰੀ ਕਿਸਾਨਾਂ ਨੂੰ ਵਾਰ-ਵਾਰ ਭਰੋਸਾ ਦੇ ਰਹੇ ਹਨ ਕਿ ਐੱਮ.ਐੱਸ.ਪੀ. ਬੰਦ ਨਹੀਂ ਹੋਵੇਗੀ।ਜ਼ਿਕਰਯੋਗ ਹੈ ਕਿ ਇਕ ਰਿਪੋਰਟ ਅਨੁਸਾਰ ਇਸ ਸਮੇਂ ਪੰਜਾਬ 'ਚ ਕਣਕ-ਝੋਨੇ ਸਮੇਤ ਲਗਭਗ 22-23 ਫ਼ਸਲਾਂ 'ਤੇ ਐੱਮ.ਐੱਸ.ਪੀ.ਦੀ ਗੱਲ ਕਹੀ ਜਾਂਦੀ ਹੈ ਪਰ ਸਚਾਈ ਇਹ ਹੈ ਕਿ ਇਹ ਮਿਲਦੀ ਸਿਰਫ਼ ਕਣਕ-ਝੋਨੇ ਦੀਆਂ ਫ਼ਸਲਾਂ 'ਤੇ ਹੀ ਹੈ।ਇਸਦੀ ਉਦਾਹਰਨ ਲੰਘੇ ਦਿਨਾਂ 'ਚ ਮੰਡੀਆਂ 'ਚ ਰੁਲੀ ਮੱਕੀ ਹੈ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇਵੇਗੀ ਇਹ ਤੋਹਫ਼ਾ, ਲੱਖਾਂ ਲੋਕਾਂ ਦਾ ਸਫ਼ਰ ਹੋਵੇਗਾ ਆਸਾਨ

 ਜੇਕਰ ਬਿਹਾਰ ਚੋਣਾਂ ਜਿੱਤ ਕੇ ਭਾਜਪਾ ਆਪਣਾ ਇਹ ਵਾਅਦਾ ਪੂਰਾ ਕਰਦੀ ਹੈ ਤਾਂ ਫਿਰ ਪੰਜਾਬ ਦੇ ਕਿਸਾਨਾਂ ਨੂੰ ਵੀ ਧਰਵਾਸ ਮਿਲੇਗਾ ਪਰ ਫ਼ਿਲਹਾਲ ਪੰਜਾਬ ਦੇ ਕਿਸਾਨਾਂ  ਨਾਲ ਕੇਂਦਰ ਸਰਕਾਰ ਕੋਈ ਲਿਖਤੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ।ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਜੇਕਰ ਭਾਜਪਾ ਇਹ ਚੋਣਾਂ ਹਾਰਦੀ ਹੈ ਤਾਂ ਬਿਹਾਰ ਦੇ ਕਿਸਾਨਾਂ, ਜੋ ਪਹਿਲਾਂ ਈ ਮਜ਼ਦੂਰੀ ਕਰਨ ਲਈ ਪੰਜਾਬ ਸਮੇਤ ਕਈ ਰਾਜਾਂ ਵੱਲ ਪਲਾਇਨ ਕਰਦੇ ਹਨ, ਦੀ ਹਾਲਤ ਹੋਰ ਬਦਤਰ ਹੋ ਸਕਦੀ ਹੈ। ਇਸ ਵਾਅਦੇ ਦਾ ਇਕ ਪਹਿਲੂ ਇਹ ਵੀ ਹੈ ਕਿ ਇਹ ਸਿਰਫ਼ ਵੋਟਰ ਲਭਾਊ ਵਾਅਦਾ ਵੀ ਹੋ ਸਕਦਾ ਹੈ ਕਿਉਂਕਿ ਜੇਕਰ ਭਾਜਪਾ ਸਰਕਾਰ ਬਿਹਾਰ ਦੇ ਚੋਣ ਮਨੋਰਥ ਪੱਤਰ 'ਚ ਕਣਕ-ਝੋਨੇ ਸਮੇਤ ਦਾਲਾਂ 'ਤੇ ਐੱਮ.ਐੱਸ.ਪੀ. ਦੇਣ ਦਾ ਵਾਅਦਾ ਕਰ ਰਹੀ ਹੈ ਤਾਂ ਇਸ ਸਬੰਧੀ ਇਕ ਕਾਨੂੰਨ ਬਣਾ ਕੇ ਪੰਜਾਬ ਸਮੇਤ ਦੂਜੇ  ਰਾਜਾਂ ਦੇ ਵੋਟਰਾਂ ਨੂੰ ਵੀ ਭਰੋਸੇ 'ਚ ਲੈਣਾ ਚਾਹੀਦਾ ਹੈ।

ਫਿਲਹਾਲ ਵੇਖਣਾ ਇਹ ਹੋਵੇਗਾ ਕਿ ਇਸ ਵਾਅਦੇ ਨੂੰ ਬਿਹਾਰ ਵਾਸੀ ਕਿਸ ਤਰ੍ਹਾਂ ਲੈਂਦੇ ਹਨ।ਕੀ ਉਹ ਇਸ ਗੱਲ ਨੂੰ ਸਮਝਣਗੇ ਕਿ ਜੋ ਵਾਅਦਾ ਭਾਜਪਾ ਸਰਕਾਰ ਸਾਡੇ ਨਾਲ ਕਰ ਰਹੀ ਹੈ ਉਹ ਪੰਜਾਬ ਦੇ ਕਿਸਾਨਾਂ ਲਈ ਕਿਉਂ ਨਹੀਂ? ਜਾਂ ਭਾਜਪਾ ਸਰਕਾਰ ਪੂਰੇ ਦੇਸ਼ ਵਾਸੀਆਂ ਦੀ ਖ਼ੁਸ਼ਹਾਲੀ ਨਾਲੋਂ ਬਿਹਾਰ ਵਾਸੀਆਂ  ਦੀ ਹੀ ਖ਼ੁਸ਼ਹਾਲੀ ਲਈ ਐਨੀ ਤਤਪਰ ਕਿਉਂ ਹੈ? ਇਹ ਤਾਂ ਸਮਾਂ ਦੱਸੇਗਾ ਕਿ ਚੋਣਾਂ 'ਚ ਕੌਣ ਜਿੱਤੇਗਾ ਤੇ ਕੌਣ ਹਾਰੇਗਾ, ਫਿਲਹਾਲ ਐੱਮ.ਐੱਸ.ਪੀ. ਨੂੰ ਲੈ ਕੇ ਜੋ ਰੇੜਕਾ ਪੰਜਾਬ 'ਚ ਚੱਲ ਰਿਹਾ ਹੈ ਉਸਨੂੰ ਲੈ ਕੇ ਕੇਂਦਰ ਸਰਕਾਰ ਗੰਭੀਰ ਨਹੀਂ ਜਾਪਦੀ। 

ਇਹ ਵੀ ਪੜ੍ਹੋ : ਹੈਰਾਨੀਜਨਕ: ਦੇਵੀ ਮਾਂ ਨੂੰ ਖ਼ੁਸ਼ ਕਰਨ ਲਈ ਮਾਂ ਨੇ ਚੁਣਿਆ ਆਪਣਾ ਪੁੱਤਰ, ਕੁਹਾੜੀ ਮਾਰ ਦਿੱਤੀ ਬਲੀ


Harnek Seechewal

Content Editor

Related News