ਬਿਹਾਰ ਦੇ CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਘਰ ’ਚ ਕੀਤਾ ਇਕਾਂਤਵਾਸ
Tuesday, Jul 26, 2022 - 11:48 AM (IST)
ਪਟਨਾ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਵਿਡ-19 ਤੋਂ ਪੀੜਤ ਹੋ ਗਏ ਹਨ। ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਨੇ ਖ਼ੁਦ ਨੂੰ ਆਪਣੀ ਰਿਹਾਇਸ਼ ’ਚ ਇਕਾਂਤਵਾਸ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਤੀਸ਼ ਇਸ ਤੋਂ ਪਹਿਲਾਂ ਜਨਵਰੀ ’ਚ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਸਨ ਅਤੇ ਉਨ੍ਹਾਂ ’ਚ ਮਾਮੂਲੀ ਲੱਛਣ ਸਨ।
ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਡਾਕਟਰਾਂ ਦੀ ਸਲਾਹ ’ਤੇ ਨਿਤੀਸ਼ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦੀ ਸਿਹਤ ਪਿਛਲੇ 2-3 ਦਿਨਾਂ ਤੋਂ ਖਰਾਬ ਹੈ। ਬਿਆਨ ਮੁਤਾਬਕ ਮੁੱਖ ਮੰਤਰੀ ਨੇ ਪਿਛਲੇ 2-3 ਦਿਨਾਂ ’ਚ ਆਪਣੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਕੋਵਿਡ-19 ਜਾਂਚ ਕਰਾਉਣ ਅਤੇ ਜ਼ਰੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਨਿਤੀਸ਼ ਸੋਮਵਾਰ ਨੂੰ ਦਿੱਲੀ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਹ ਬੀਮਾਰ ਸਨ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਅੱਜ 14,830 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਇਸ ਨਾਲ ਕਰੋਨਾਵਾਇਰਸ ਦੀ ਲਾਗ ਦੀ ਗਿਣਤੀ ਵਧ ਕੇ 4,39,20,451 ਹੋ ਗਈ ਹੈ, ਜਦੋਂ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਘਟ ਕੇ 1,47,512 ਹੋ ਗਈ ਹੈ। ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 5,26,110 ਹੋ ਗਈ ਹੈ ਅਤੇ 36 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।