''ਅੰਡਰਵੀਅਰ'' ''ਚ ਪੇਪਰ ਕਰਾਉਣ ''ਤੇ ਰੱਖਿਆ ਮੰਤਰੀ ਨੇ ਮੰਗਿਆ ਜਵਾਬ
Tuesday, Mar 01, 2016 - 03:17 PM (IST)

ਨਵੀਂ ਦਿੱਲੀ— ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਬਿਹਾਰ ਦੇ ਮੁਜ਼ੱਫਰਨਗਰ ਵਿਚ ਫੌਜ ਵਿਚ ਕਲਰਕ ਦੀ ਭਰਤੀ ਲਈ ਉਮੀਦਵਾਰਾਂ ਤੋਂ ਅੰਡਰਵੀਅਰ ਵਿਚ ਲਿਖਤੀ ਪੇਪਰ ਕਰਾਉਣ ''ਤੇ ਫੌਜ ਮੁਖੀ ਜਨਰਲ ਦਲਬੀਰ ਸਿੰਘ ਤੋਂ ਜਵਾਬ ਮੰਗਿਆ ਹੈ। ਰੱਖਿਆ ਸੂਤਰਾਂ ਮੁਤਾਬਕ ਮੁਜ਼ੱਫਰਨਗਰ ਵਿਚ ਉਮੀਦਵਾਰਾਂ ਨੂੰ ਅੰਡਰਵੀਅਰ ਵਿਚ ਪੇਪਰ ਦੇਣ ਦਾ ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਪਾਰੀਕਰ ਨੇ ਫੌਜ ਮੁਖੀ ਤੋਂ ਇਸ ਮਾਮਲੇ ਵਿਚ ਜਵਾਬ ਦੇਣ ਨੂੰ ਕਿਹਾ ਹੈ।
ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਫੌਜ ਨੇ ਕਲਰਕ ਦੀ ਭਰਤੀ ਲਈ ਮੁਜ਼ੱਫਰਨਗਰ ''ਚ ਬੀਤੇ ਐਤਵਾਰ ਨੂੰ ਲਿਖਤੀ ਪੇਪਰ ਦਾ ਆਯੋਜਨ ਕੀਤਾ ਸੀ ਪਰ ਪੇਪਰ ਦੇਣ ਗਏ ਉਮੀਦਵਾਰਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਫੌਜ ਨੇ ਉਨ੍ਹਾਂ ਨੂੰ ਸਿਰਫ ਅੰਡਰਵੀਅਰ ਪਹਿਨ ਕੇ ਪੇਪਰ ਦੇਣ ਨੂੰ ਕਿਹਾ, ਇੱਥੋਂ ਤੱਕ ਕਿ ਉਮੀਦਵਾਰਾਂ ਨੂੰ ਬਨੈਨ ਵੀ ਨਹੀਂ ਪਹਿਨਣ ਦਿੱਤੀ ਗਈ। ਨੌਕਰੀ ਦੇ ਇੱਛੁਕ ਉਮੀਦਵਾਰਾਂ ਨੇ ਮੈਦਾਨ ''ਚ ਬੈਠਕੇ ਸਿਰਫ ਅੰਡਰਵੀਅਰ ਵਿਚ ਹੀ ਪੇਪਰ ਦਿੱਤਾ।
ਜ਼ਿਕਰਯੋਗ ਹੈ ਕਿ ਬਿਹਾਰ ''ਚ ਵੱਖ-ਵੱਖ ਪ੍ਰੀਖਿਆਵਾਂ ''ਚ ਨਕਲ ਨੂੰ ਲੈ ਕੇ ਸਮੇਂ-ਸਮੇਂ ''ਤੇ ਮੀਡੀਆ ਵਿਚ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸੂਤਰਾਂ ਮੁਤਾਬਕ ਫੌਜ ਨੇ ਇਹ ਦੇਖਦੇ ਹੋਏ ਇਹ ਲਿਖਤੀ ਪ੍ਰੀਖਿਆ ਸਿਰਫ ਅੰਡਰਵੀਅਰ ਵਿਚ ਕਰਾਉਣ ਦਾ ਫੈਸਲਾ ਕੀਤਾ ਸੀ, ਤਾਂ ਕਿ ਕੋਈ ਵੀ ਉਮੀਦਵਾਰ ਨਕਲ ਨਾ ਕਰ ਸਕੇ।