ਬਿਹਾਰ ਚੋਣਾਂ : ਰਾਜਗ ’ਚ ਸੀਟ ਵੰਡ ਤੈਅ, 101-101 ਸੀਟਾਂ ’ਤੇ ਚੋਣਾਂ ਲੜਨਗੀਆਂ ਭਾਜਪਾ-ਜਦ (ਯੂ)
Sunday, Oct 12, 2025 - 08:51 PM (IST)

ਪਟਨਾ, (ਭਾਸ਼ਾ)- ਬਿਹਾਰ ’ਚ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗੱਠਜੋੜ ਨੇ 243 ਮੈਂਬਰੀ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲਈ ਐਤਵਾਰ ਨੂੰ ਆਪਣੀ ਸੀਟ-ਵੰਡ ਦੀ ਵਿਵਸਥਾ ਨੂੰ ਅੰਤਿਮ ਰੂਪ ਦੇ ਦਿੱਤਾ, ਜਿਸ ਦੇ ਤਹਿਤ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਅਤੇ ਭਾਜਪਾ 101-101 ਸੀਟ ’ਤੇ ਚੋਣਾਂ ਲੜਨਗੀਆਂ ਜਦੋਂ ਕਿ ਬਾਕੀ ਸੀਟਾਂ ’ਤੇ ਛੋਟੀਆਂ ਸਹਿਯੋਗੀ ਪਾਰਟੀਆਂ ਆਪਣੇ ਉਮੀਦਵਾਰ ਉਤਾਰਨਗੀਆਂ।
ਜਦ (ਯੂ) ਦੇ ਕਾਰਜਕਾਰੀ ਪ੍ਰਧਾਨ ਸੰਜੇ ਕੁਮਾਰ ਝਾਅ, ਉਪ-ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸਮਰਾਟ ਚੌਧਰੀ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੇ ‘ਐਕਸ’ ਹੈਂਡਲ ’ਤੇ ਇਹ ਐਲਾਨ ਕੀਤਾ ਗਿਆ। ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) 29 ਸੀਟਾਂ ਦਿੱਤੇ ਜਾਣ ’ਤੇ ਸਹਿਮਤ ਹੋ ਗਈ ਹੈ। ‘ਘੱਟ ਤੋਂ ਘੱਟ 15 ਸੀਟਾਂ’ ਦੇਣ ਦੀ ਮੰਗ ਕਰ ਰਹੀ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੁਸਤਾਨੀ ਆਵਾਮ ਮੋਰਚਾ ਨੂੰ ਸਿਰਫ 6 ਸੀਟਾਂ ਦਿੱਤੀਆਂ ਗਈਆਂ ਹਨ, ਜਦੋਂ ਕਿ ਰਾਸ਼ਟਰੀ ਲੋਕ ਮੋਰਚੇ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਨੂੰ ਵੀ 6 ਸੀਟਾਂ ਮਿਲੀ ਹਨ। ਸੀਟ ਵੰਡ ਦੇ ਐਲਾਨ ਤੋਂ ਬਾਅਦ ਰਾਜਗ ਦੇ ਪ੍ਰਮੁੱਖ ਨੇਤਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਪਾਸਵਾਨ, ਚੌਧਰੀ ਅਤੇ ਕੁਸ਼ਵਾਹਾ ਨੇ ‘ਐਕਸ’ ’ਤੇ ਲਿਖਿਆ, ‘ਬਿਹਾਰ ਹੈ ਤਿਆਰ, ਫਿਰ ਸੇ ਰਾਜਗ ਸਰਕਾਰ’। ਵਿਧਾਨ ਸਭਾ ਚੋਣਾਂ ਲਈ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ’ਚ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
ਜਦ (ਯੂ) ਨੇ ਉਮੀਦਵਾਰਾਂ ਦੀ ਸੂਚੀ ਨੂੰ ਦਿੱਤਾ ਅੰਤਿਮ ਰੂਪ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਅਗਲੀਆਂ ਵਿਧਾਨ ਸਭਾ ਚੋਣਾਂ ’ਚ ਜਿਨ੍ਹਾਂ ਸੀਟਾਂ ’ਤੇ ਚੋਣ ਲੜੇਗੀ, ਉਨ੍ਹਾਂ ਦੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ 4 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦਿੱਤੀ।
ਸੀਨੀਅਰ ਜਦ (ਯੂ) ਨੇਤਾ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘‘ਜਿਨ੍ਹਾਂ ਸੀਟਾਂ ’ਤੇ ਪਾਰਟੀ ਚੋਣ ਲੜੇਗੀ, ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਮੀਦਵਾਰਾਂ ਦੀ ਚੋਣ ਵੀ ਹੋ ਚੁੱਕੀ ਹੈ। ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਚਾਰ ਮੌਜੂਦਾ ਵਿਧਾਇਕਾਂ ਦੀ ਜਗ੍ਹਾ ਨਵੇਂ ਚਿਹਰੇ ਉਤਾਰੇ ਜਾਣਗੇ।’’