ਰਾਜਦ ਗਠਜੋੜ ਵਿਚ ਸਾਜ਼ਿਸ਼ ਤੇ ਤੇਜਸਵੀ ''ਚ ਬਿਹਾਰ ਦਾ ਭਵਿੱਖ ਵੇਖ ਰਹੇ ਹਨ ਮਾਂਝੀ

Monday, Jan 11, 2021 - 03:13 AM (IST)

ਪਟਨਾ (ਇੰਟ.)- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਆਵਾਮ ਮੋਰਚਾ ਦੇ ਮੁਖੀ ਜੀਤਨ ਰਾਮ ਮਾਂਝੀ ਨੇ ਐੱਨ. ਡੀ. ਏ. ਦੀਆਂ ਪਾਰਟੀਆਂ ਵਿਚ ਅੰਦਰੂਨੀ ਵਿਰੋਧ ਅਤੇ ਸਾਜ਼ਿਸ਼ ਦਾ ਜ਼ਿਕਰ ਕਰ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਚੌਕਸ ਕੀਤਾ ਹੈ। 
ਨਾਲ ਹੀ ਉਨ੍ਹਾਂ ਰਾਜਦ ਦੇ ਨੇਤਾ ਤੇਜਸਵੀ ਯਾਦਵ ਨੂੰ ਬਿਹਾਰ ਦਾ ਭਵਿੱਖ ਦੱਸਦੇ ਹੋਏ ਫਜ਼ੂਲ ਦੇ ਬਿਆਨ ਦੇਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮਾਂਝੀ ਦੇ ਉਕਤ ਬਿਆਨਾਂ ਤੋਂ ਬਾਅਦ ਇਕ ਵਾਰ ਮੁੜ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਬਿਹਾਰ ਵਿਚ ਐੱਨ. ਡੀ. ਏ. ਭਾਵ ਰਾਜਗ ਦੇ ਗਠਜੋੜ ਵਿਚ ਸਭ ਕੁਝ ਠੀਕ ਨਹੀਂ ਹੈ।
ਐਤਵਾਰ ਨੂੰ ਜੀਤਨ ਰਾਮ ਮਾਂਝੀ ਨੇ ਕਈ ਅਰਥਾਂ ਵਾਲੇ ਟਵੀਟ ਕਰ ਕੇ ਕਿਹਾ ਕਿ ਸਿਆਸਤ ਵਿਚ ਗਠਜੋੜ ਧਰਮ ਨਿਭਾਉਣਾ ਜੇ ਸਿੱਖਣਾ ਹੈ ਤਾਂ ਨਿਤੀਸ਼ ਕੁਮਾਰ ਜੀ ਕੋਲੋਂ ਸਿੱਖਿਆ ਜਾ ਸਕਦਾ ਹੈ। ਗਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਅੰਦਰੂਨੀ ਵਿਰੋਧ ਅਤੇ ਸਾਜ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਸਹਿਯੋਗ ਕਰਨਾ ਨਿਤੀਸ਼ ਜੀ ਨੂੰ ਸਿਆਸੀ ਪੱਖੋਂ ਹੋਰ ਵੀ ਮਹਾਨ ਬਣਾਉਂਦਾ ਹੈ। ਨਿਤੀਸ਼ ਕੁਮਾਰ ਜੀ ਦੇ ਜਜ਼ਬਿਆਂ ਨੂੰ ਮੈਂ ਸਲਾਮ ਕਰਦਾ ਹਾਂ। 
ਮਾਂਝੀ ਦਾ ਉਕਤ ਟਵੀਟ ਨਿਤੀਸ਼ ਕੁਮਾਰ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ ਜੋ ਉਨ੍ਹਾਂ ਜਨਤਾ ਦਲ (ਯੂ) ਦੀ ਸੂਬਾ ਕੌਂਸਲ ਦੀ ਬੈਠਕ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਦਿੱਤਾ ਸੀ। ਨਿਤੀਸ਼ ਨੇ ਸ਼ਨੀਵਾਰ ਕਿਹਾ ਸੀ ਕਿ ਇੰਨਾ ਘੱਟ ਸਮਾਂ ਸੀ ਕਿ ਪਤਾ ਹੀ ਨਹੀਂ ਲੱਗਾ ਕਿ ਕੌਣ ਸਾਥ ਦੇ ਰਿਹਾ ਹੈ ਤੇ ਕੌਣ ਨਹੀਂ ਦੇ ਰਿਹਾ। ਚੋਣ ਪ੍ਰਚਾਰ ਦੇ ਸਮੇਂ ਸ਼ਾਮ ਵੇਲੇ ਜਦੋਂ ਪਾਰਟੀ ਦਫਤਰ ਵਾਪਸ ਆਉਂਦੇ ਸੀ ਤਾਂ ਸ਼ੱਕ ਪੈਦਾ ਹੁੰਦਾ ਸੀ। 
ਇਸ ਤੋਂ ਬਾਅਦ ਇਕ ਹੋਰ ਟਵੀਟ ਵਿਚ ਮਾਂਝੀ ਨੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੂੰ ਬਿਹਾਰ ਦਾ ਭਵਿੱਖ ਦੱਸਿਆ। ਉਨ੍ਹਾਂ ਕਿਹਾ ਕਿ ਤੇਜਸਵੀ ਯਾਦਵ ਜੀ ਬਿਹਾਰ ਦੇ ਭਵਿੱਖ ਹਨ। ਉਨ੍ਹਾਂ ਨੂੰ ਫਜ਼ੂਲ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ। ਜਦੋਂ ਤੇਜਸਵੀ ਆਪਣੀ ਪਾਰਟੀ ਦੇ  ਇਕ ਸਿਆਸੀ ਪ੍ਰੋਗਰਾਮ ਤੋਂ ਬਾਅਦ ਆਰਾਮ ਕਰ ਰਹੇ ਹਨ ਤਾਂ ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਇੰਨੇ ਉਤਾਵਲੇ ਕਿਉਂ ਹੋ ਰਹੇ ਹਨ। ਸਹੀ ਸਮੇਂ 'ਤੇ ਸਭ ਕੁਝ ਹੋ ਜਾਵੇਗਾ। ਉਨ੍ਹਾਂ ਨੂੰ ਪਾਜ਼ੇਟਿਵ ਸਿਆਸਤ ਕਰਨੀ ਚਾਹੀਦੀ ਹੈ। 
ਸ਼ਨੀਵਾਰ ਨੂੰ ਤੇਜਸਵੀ ਨੇ ਨਿਤੀਸ਼ ਕੁਮਾਰ 'ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਭਾਜਪਾ ਅਤੇ ਜਨਤਾ ਦਲ (ਯੂ) ਦੀ ਆਪਸੀ ਲੜਾਈ ਕਾਰਣ ਨੁਕਸਾਨ ਬਿਹਾਰ ਦੇ ਲੋਕਾਂ ਨੂੰ ਹੋ ਰਿਹਾ ਹੈ। ਮੰਤਰੀ ਮੰਡਲ ਵਿਚ ਵਾਧਾ ਕਰਨਾ ਮੁੱਖ ਮੰਤਰੀ ਦਾ ਕੰਮ ਹੈ। ਰਾਜਪਾਲ ਉਨ੍ਹਾਂ ਦੀ ਹੀ ਸਿਫਾਰਿਸ਼ 'ਤੇ ਨਿਯੁਕਤੀ ਕਰਦੇ ਹਨ ਪਰ ਇਹ ਅਜੇ ਤੱਕ ਨਹੀਂ ਹੋਇਆ ਹੈ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News