ਬਿਹਾਰ : ਸਕੂਲ ਬਿਲਡਿੰਗ ਵਿਚ ਦਾਖਲ ਹੋਈ ਕਾਰ, 9 ਬੱਚਿਆਂ ਦੀ ਮੌਤ, 24 ਜ਼ਖਮੀ

Saturday, Feb 24, 2018 - 04:08 PM (IST)

ਮੁਜ਼ੱਫਰਪੁਰ — ਮੀਨਾਪੁਰ ਬਲਾਕ 'ਚ ਇਕ ਬੇਕਾਬੂ ਬੋਲੇਰੋ ਸਕੂਲ ਦੀ ਹੱਦ ਅੰਦਰ ਦਾਖਲ ਹੋ ਗਈ ਅਤੇ ਉਸਨੇ ਸਕੂਲ ਦੇ ਬੱਚਿਆਂ ਨੂੰ ਦਰੜ ਦਿੱਤਾ। ਇਸ ਹਾਦਸੇ 'ਚ 9 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 20 ਤੋਂ ਵਧ ਬੱਚੇ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ 'ਚ ਮਹਿਲਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਦਾ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਅੱਜ ਦੁਪਹਿਰ ਬਾਅਦ ਦਾ ਹੈ।
ਮੁਜ਼ੱਫਰਪੁਰ ਦੇ ਐੱਸ.ਐੱਸ.ਪੀ. ਵਿਵੇਕ ਕੁਮਾਰ ਨੇ ਦੱਸਿਆ ਕਿ 9 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਰੇ ਜ਼ਖਮੀਆਂ ਨੂੰ ਐੱਸ.ਕੇ.ਐੱਮ.ਸੀ.ਐੱਚ. 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਘਟਨਾ ਅਨੁਸਾਰ ਧਰਮਪੁਰੀ ਸਕੂਲ 'ਚ ਛੁੱਟੀ ਦੇ ਸਮੇਂ ਬੱਚੇ ਸਕੂਲ ਵਿਚੋਂ ਬਾਹਰ ਆ ਰਹੇ ਸਨ। ਅਚਾਨਕ ਮੁਜ਼ੱਫਰਪੁਰ-ਸ਼ਿਵਹਰ ਮਾਰਗ 'ਤੋਂ ਤੇਜ਼ ਗਤੀ ਨਾਲ ਆ ਰਹੀ ਬੋਲੇਰੋ ਇਨ੍ਹਾਂ ਬੱਚਿਆਂ ਨੂੰ ਦਰੜਦੀ ਹੋਈ ਚਲੀ ਗਈ। ਜਦੋਂ ਤੱਕ ਕਿ ਕੋਈ ਕੁਝ ਸਮਝ ਸਕਦਾ ਕਈ ਬੱਚੇ ਮੌਤ ਦੇ ਮੂੰਹ 'ਚ ਜਾ ਚੁੱਕੇ ਸਨ।

PunjabKesari
ਬੋਲੇਰੋ ਡਰਾਈਵਰ ਦਾ ਵੀ ਵਾਹਨ 'ਤੇ ਕਾਬੂ ਨਹੀਂ ਸੀ, ਜਿਸ ਕਾਰਨ ਇਸ ਹਾਦਸੇ ਤੋਂ ਬਾਅਦ ਵਾਹਨ ਪਲਟ ਗਿਆ। ਇਸ ਵਾਹਨ 'ਚ ਸਵਾਰ ਵੀ ਕਈ ਲੋਕ ਜ਼ਖਮੀ ਹੋਏ ਹਨ। ਘਟਨਾ ਵਾਲੇ ਸਥਾਨ ਤੋਂ ਲੈ ਕੇ ਹਸਪਤਾਲ ਤੱਕ ਚੀਕਾਂ ਅਤੇ ਹਾਹਾਕਾਰ ਮੱਚ ਗਿਆ। 
ਐੱਸ.ਐੱਸ.ਪੀ ਵਿਵੇਕ ਕੁਮਾਰ ਨੇ ਦੱਸਿਆ ਕਿ ਬੋਲੇਰੋ ਚਾਲਕ ਨੇ ਪਹਿਲਾਂ ਕਿਸੇ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਜਿਸ ਕਾਰਨ ਉਹ ਵਾਹਨ ਦੀ ਰਫਤਾਰ ਤੇਜ਼ ਕਰਕੇ ਭੱਜ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਦੱਸਿਆ ਕਿ ਬੋਲੇਰੋ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਦਰਦਨਾਕ ਅਤੇ ਭਿਆਨਕ ਹਾਦਸੇ ਤੋਂ ਬਾਅਦ ਬਿਹਾਰ ਸਰਕਾਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅਜਿਹੇ 'ਚ ਸਥਾਨਕ ਵਿਧਾਇਕ ਮੁੰਨਾ ਯਾਦਵ ਨੇ ਦੱਸਿਆ ਹੈ ਕਿ ਬੋਲੇਰੋ ਚਾਲਕ ਨਸ਼ੇ ਦੀ ਹਾਲਤ ਵਿਚ ਸੀ ਜਿਸ ਕਾਰਨ ਉਹ ਵਾਹਨ 'ਤੇ ਕਾਬੂ ਨਾ ਰੱਖ ਸਕਿਆ ਅਤੇ ਬੱਚਿਆਂ 'ਤੇ ਵਾਹਨ ਚਲਾ ਦਿੱਤਾ।


Related News