ਸੱਪ ਦੇ ਡੰਗਣ ਨਾਲ ਦੋ ਬੱਚਿਆਂ ਦੀ ਮੌਤ, ਪਰਿਵਾਰ ''ਚ ਪਸਰਿਆ ਮਾਤਮ ਦਾ ਮਾਹੌਲ

Thursday, Jul 25, 2024 - 05:16 PM (IST)

ਜਮੁਈ- ਬਿਹਾਰ ਦੇ ਜਮੁਈ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸੱਪ ਦੇ ਡੰਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸੋਗ ਦਾ ਮਾਹੌਲ ਹੈ। ਇਸ ਘਟਨਾ ਸਬੰਧੀ ਆਲੇ-ਦੁਆਲੇ ਦੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਫਿਲਹਾਲ ਘਟਨਾ ਦੀ ਸੂਚਨਾ ਨੇੜਲੇ ਥਾਣੇ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।

ਦਰਅਸਲ ਜਮੁਈ ਦੇ ਲਕਸ਼ਮੀਪੁਰ ਥਾਣਾ ਖੇਤਰ ਦੇ ਮੜੈਈਆ ਪੰਚਾਇਤ ਦੇ ਪਿੰਡ ਪਤਲਘਟਾ ਵਿਚ ਦੋ ਬੱਚਿਆਂ ਨੂੰ ਸੁੱਤੇ ਹੋਏ ਸੱਪ ਨੇ ਡੰਗ ਲਿਆ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਇਸ ਘਟਨਾ 'ਚ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਬੱਚੇ ਖਾਣਾ ਖਾ ਕੇ ਸੌਂ ਗਏ ਸਨ, ਇਹ ਹਾਦਸਾ ਉਸ ਦੌਰਾਨ ਵਾਪਰਿਆ। ਉਹ ਸੁੱਤੇ ਪਏ ਸੀ ਤਾਂ ਕੁਝ ਵੀ ਪਤਾ ਨਹੀਂ ਲੱਗਾ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨੀਸ ਅਤੇ ਰਾਣੀ ਖਾਣਾ ਖਾ ਕੇ ਸੌਂ ਰਹੇ ਸਨ, ਜਦੋਂ ਜ਼ਹਿਰੀਲੇ ਸੱਪ ਨੇ ਦੋਵਾਂ ਨੂੰ ਡੰਗ ਲਿਆ। ਇਸ ਤੋਂ ਬਾਅਦ ਦੋਵਾਂ ਨੂੰ ਸਦਰ ਹਸਪਤਾਲ ਜਮੁਈ ਲਿਜਾਇਆ ਗਿਆ। ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਤੁਰੰਤ ਸ਼ੇਖਪੁਰਾ ਰੈਫਰ ਕਰ ਦਿੱਤਾ ਗਿਆ ਪਰ ਸ਼ੇਖਪੁਰਾ ਜਾਂਦੇ ਸਮੇਂ ਰਸਤੇ ਵਿਚ ਦੋਵਾਂ ਦੀ ਮੌਤ ਹੋ ਗਈ।  ਦੋਵੇਂ ਮ੍ਰਿਤਕ ਬੱਚਿਆਂ ਦੀ ਪਛਾਣ ਰਾਣੀ ਕੁਮਾਰੀ ਉਮਰ 12 ਸਾਲ, ਪਿਤਾ ਮਨੋਜ ਦਾਸ ਅਤੇ ਅਨੀਸ ਕੁਮਾਰ ਉਮਰ 7 ਸਾਲ, ਪਿਤਾ ਅਜੇ ਦਾਸ ਵਜੋਂ ਹੋਈ ਹੈ। ਮ੍ਰਿਤਕ ਅਨੀਸ ਆਪਣੀ ਨਾਨੀ ਦੇ ਘਰ ਆਇਆ ਸੀ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੀ ਮਾਸੀ ਰਾਣੀ ਨਾਲ ਸੌਂ ਰਿਹਾ ਸੀ। ਜਿੱਥੇ ਸੁੱਤੇ ਪਏ ਦੋਵਾਂ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਅਨੀਸ ਬਰਹਾਟ ਥਾਣਾ ਖੇਤਰ ਦੇ ਲਖਈਆ ਪਿੰਡ ਦਾ ਰਹਿਣ ਵਾਲਾ ਸੀ।
 


Tanu

Content Editor

Related News