ਸਿਹਤ ਬਣਾਉਣ ਲਈ ਵਰਤਦੇ ਹੋ ਪ੍ਰੋਟੀਨ ਪਾਊਡਰ ਤਾਂ ਹੋ ਜਾਓ ਸਾਵਧਾਨ, ਇਸ ਕੰਪਨੀ 'ਤੇ ਲੱਗਾ ਜੁਰਮਾਨਾ
Saturday, Jul 20, 2024 - 08:03 PM (IST)
ਮੁੰਬਈ : ਇਸ ਸਾਲ ਦੀ ਸ਼ੁਰੂਆਤ ’ਚ ਪ੍ਰੋਟੀਨ ਪਾਊਡਰ ਬਣਾਉਣ ਵਾਲੇ ਕਈ ਬ੍ਰਾਂਡ ਜਾਂਚ ਦੇ ਘੇਰੇ ’ਚ ਆ ਗਏ ਸਨ। ਇਨ੍ਹਾਂ ’ਤੇ ਦੋਸ਼ ਸੀ ਕਿ ਉਹ ਆਪਣੇ ਪ੍ਰੋਡਕਟ ਵੇਚਣ ਲਈ ਝੂਠੇ ਅਤੇ ਵਧਾ-ਚੜ੍ਹਾ ਕੇ ਦਾਅਵੇ ਕਰ ਰਹੇ ਹਨ। ਸਭ ਤੋਂ ਜ਼ਿਆਦਾ ਦੋਸ਼ ਬਿਗ ਮਸਲਜ਼ ’ਤੇ ਲੱਗੇ ਸਨ। ਹੁਣ ਇਕ ਗਾਹਕ ਦੀ ਸ਼ਿਕਾਇਤ ’ਤੇ ਕੰਜ਼ਿਊਮਰ ਫੋਰਮ ਨੇ ਕੰਪਨੀ ’ਤੇ 1.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਪ੍ਰੋਟੀਨ ਪਾਊਡਰ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ‘ਦਿ ਲਿਵਰਡਾਕ’ ਦੇ ਨਾਂ ਨਾਲ ਜਾਣੀ ਜਾਣ ਵਾਲੀ ਲੋਕਪ੍ਰਿਅ ਹੈਪੇਟੋਲੋਜਿਸਟ ਸਿਰਿਏਕ ਏਬੀ ਫਿਲਿਪਸ ਨੇ ਰਿਪੋਰਟ ਜਾਰੀ ਕੀਤੀ ਸੀ। ਇਸ ਤੋਂ ਬਾਅਦ ਕਈ ਪ੍ਰੋਟੀਨ ਬ੍ਰਾਂਡਾਂ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ ਸੀ। ਰਿਪੋਰਟ ’ਚ ਬਿਗ ਮਸਲਜ਼ ਵੱਲੋਂ ਵੇਚੇ ਜਾ ਰਹੇ ਪ੍ਰੋਟੀਨ ਪਾਊਡਰ ਨੂੰ ਸਭ ਤੋਂ ਖਰਾਬ ਮੰਨਿਆ ਗਿਆ ਸੀ। ਦਰਅਸਲ, ਬ੍ਰਾਂਡ ਪਿਛਲੇ ਕੁਝ ਸਮੇਂ ਤੋਂ ਗਲਤ ਲੇਬਲਿੰਗ ਨੂੰ ਲੈ ਕੇ ਇਸੇ ਤਰ੍ਹਾਂ ਦੇ ਵਿਵਾਦਾਂ ’ਚ ਉਲਝਿਆ ਹੋਇਆ ਹੈ।
ਗਾਹਕ ਨੇ ਕਰਵਾਈ ਸੀ ਲੈਬ ਜਾਂਚ, ਮਿਲੀ ਐਡਿਡ ਸ਼ੂਗਰ
ਇਸੇ ਦੌਰਾਨ ਮੁੰਬਈ ਦੇ ਰਾਹੁਲ ਸ਼ੇਖਾਵਤ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਆਨਲਾਈਨ ਖਰੀਦੇ ਗਏ ਪ੍ਰੋਟੀਨ ’ਚ ਗੁੰਮਰਾਹਕੁੰਨ ਜਾਣਕਾਰੀ ਤੇ ਸੰਭਾਵੀ ਹਾਨੀਕਾਰਕ ਤੱਤ ਸਨ। ਉਨ੍ਹਾਂ ਨੇ 100 ਫੀਸਦੀ ਪ੍ਰਫਾਰਮੈਂਸ ਅਤੇ ਨੋ ਐਡਿਡ ਸ਼ੂਗਰ ਵਾਲੇ ਪ੍ਰੋਟੀਨ ਦੇ ਦਾਅਵਿਆਂ ’ਤੇ ਭਰੋਸਾ ਕਰਦੇ ਹੋਏ ਫਰਵਰੀ, 2023 ’ਚ ਬਿਗ ਮਸਲਜ਼ ਨਿਊਟ੍ਰੀਸ਼ਨ ਦਾ ਪ੍ਰੋਟੀਨ ਪਾਊਡਰ ਖਰੀਦਿਆ ਸੀ।
ਹਾਲਾਂਕਿ, ਪ੍ਰੋਟੀਨ ਦੇ ਸਿਹਤ ਲਾਭਾਂ ’ਤੇ ਸਵਾਲੀਆ ਨਿਸ਼ਾਨ ਲਾਉਣ ਵਾਲੇ ਆਨਲਾਈਨ ਆਰਟੀਕਲ ਪੜ੍ਹਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਨੇ ਉਨ੍ਹਾਂ ਨੂੰ ਲੈਬ ਰਿਪੋਰਟ ਵੀ ਭੇਜੀ ਸੀ ਪਰ ਉਨ੍ਹਾਂ ਨੇ ਦੂਜੀ ਲੈਬ ਤੋਂ ਜਾਂਚ ਕਰਾਈ ਤਾਂ ਪ੍ਰੋਡਕਟ ’ਚ ਸ਼ੂਗਰ ਪਾਈ ਗਈ।
ਕੰਜ਼ਿਊਮਰ ਫੋਰਮ ਨੇ ਦੋਸ਼ਾਂ ਨੂੰ ਸਹੀ ਮੰਨਿਆ, ਲਾਇਆ ਜੁਰਮਾਨਾ
ਉਨ੍ਹਾਂ ਨੇ ਕੰਪਨੀ ਨੂੰ ਨੋਟਿਸ ਭੇਜ ਦਿੱਤਾ, ਜਿਸ ਦਾ ਜਵਾਬ ਨਾ ਮਿਲਣ ’ਤੇ ਰਾਹੁਲ ਸ਼ੇਖਾਵਤ ਨੇ ਕੰਜ਼ਿਊਮਰ ਫੋਰਮ ’ਚ ਸ਼ਿਕਾਇਤ ਦਰਜ ਕਰਵਾਈ ਸੀ। ਨੋਟਿਸ ਦੇ ਬਾਵਜੂਦ ਕੰਪਨੀ ਫੋਰਮ ਦੇ ਸਾਹਮਣੇ ਹਾਜ਼ਰ ਹੋਣ ’ਚ ਅਸਫਲ ਰਹੀ। ਆਜ਼ਾਦ ਲੈਬ ਰਿਪੋਰਟ ਦੇ ਆਧਾਰ ’ਤੇ ਕੰਜ਼ਿਊਮਰ ਫੋਰਮ ਨੇ ਕੰਪਨੀ ’ਤੇ ਲੱਗੇ ਦੋਸ਼ਾਂ ਨੂੰ ਸਹੀ ਪਾਇਆ। ਨਾਲ ਹੀ ਸ਼ੇਖਾਵਤ ਦੇ ਪੱਖ ’ਚ ਫੈਸਲਾ ਸੁਣਾਇਆ। ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਲਈ ਮੁਆਵਜ਼ੇ ਦੀ ਰੂਪ ’ਚ 1.10 ਲੱਖ ਰੁਪਏ ਅਤੇ ਗੁੰਮਰਾਹਕੁੰਨ ਉਤਪਾਦ ਲਈ ਪੂਰਾ ਰਿਫੰਡ ਦਿੱਤਾ ਗਿਆ।