ਤਿਉਹਾਰਾਂ ਮੌਕੇ ਹਵਾਈ ਯਾਤਰੀਆਂ ਲਈ ਵੱਡਾ ਝਟਕਾ, ਈਂਧਣ ਦੀਆਂ ਕੀਮਤਾਂ ''ਚ ਹੋਇਆ ਭਾਰੀ ਵਾਧਾ

10/02/2019 4:51:10 PM

ਨਵੀਂ ਦਿੱਲੀ — ਭਾਰੀ ਘਾਟੇ ਦਾ ਸਾਹਮਣਾ ਕਰ ਰਹੀ ਏਅਰਲਾਈਨ ਇੰਡਸਟਰੀ ਦੇ ਹਾਲਾਤ ਅਗਲੇ ਕੁਝ ਮਹੀਨਿਆਂ 'ਚ ਹੋਰ ਮਾੜੇ ਹੋ ਸਕਦੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅਕਤੂਬਰ 'ਚ ਜਹਾਜਾਂ ਦੇ ਤੇਲ ਦੀ ਕੀਮਤ 'ਚ ਢਾਈ ਫੀਸਦੀ ਤੋਂ ਜ਼ਿਆਦਾ ਦਾ ਵਾਧਾ ਕੀਤਾ ਹੈ, ਜਿਸ ਕਾਰਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਘਰੇਲੂ ਏਅਰਲਾਈਨ ਕੰਪਨੀਆਂ ਦੀਆਂ ਚੁਣੌਤੀਆਂ ਹੋਰ ਵਧ ਗਈਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਸ ਮਹੀਨੇ ਹਵਾਈ ਈਂਧਣ 64,909.67 ਰੁਪਏ ਪ੍ਰਤੀ ਕਿਲੋਲੀਟਰ ਮਿਲੇਗਾ ਜਦੋਂਕਿ ਸਤੰਬਰ 'ਚ ਇਸ ਦੀ ਕੀਮਤ 63,295.48 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਤਰ੍ਹਾਂ ਇਸ ਦੀ ਕੀਮਤ ਵਿਚ 2.55 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੋਲਕਾਤਾ 'ਚ ਜਹਾਜ਼ਾਂ ਦੇ ਈਂਧਣ ਦੀ ਕੀਮਤ 1,581.75 ਰੁਪਏ ਵਧ ਕੇ 70,790.35 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਮੁੰਬਈ 'ਚ ਇਹ 1,567.87 ਰੁਪਏ ਮਹਿੰਗਾ ਹੋ ਕੇ 64,862.79 ਰੁਪਏ ਅਤੇ ਚੇਨਈ 'ਚ 1,618.05 ਰੁਪਏ ਦੀ ਤੇਜ਼ੀ ਨਾਲ 65,833.04 ਰੁਪਏ ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਿਆ ਹੈ।

ਹਵਾਈ ਯਾਤਰੀਆਂ ਲਈ ਵੱਡਾ ਝਟਕਾ

ਜ਼ਿਕਰਯੋਗ ਹੈ ਕਿ ਦੇਸ਼ ਦੇ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਦਿਨਾਂ 'ਚ ਹਵਾਈ ਯਾਤਰੀਆਂ ਦੀ ਸੰਖਿਆ 'ਚ ਭਾਰੀ ਵਾਧਾ ਦਰਜ ਕੀਤਾ ਜਾਂਦਾ ਹੈ। ਈਂਧਣ ਦੀਆਂ ਕੀਮਤਾਂ 'ਚ ਵਾਧੇ ਕਾਰਨ ਹਵਾਈ ਟਿਕਟਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਸਕਦਾ ਹੈ। ਜਿਸ ਕਾਰਨ ਯਾਤਰੀ ਯਾਤਰਾ ਲਈ ਹੋਰ ਵਿਕਲਪਾਂ ਵੱਲ ਜਾ ਸਕਦੇ ਹਨ ਜਾਂ ਫਿਰ ਯਾਤਰਾ ਟਾਲਣ 'ਤੇ ਵੀ ਵਿਚਾਰ ਕਰ ਸਕਦੇ ਹਨ। ਇਸ ਵਾਧੇ ਨਾਲ ਰਿਕਵਰੀ ਦੀ ਉਮੀਦ ਲਗਾ ਰਹੇ ਏਅਰਲਾਈਨ ਸੈਕਟਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਅਰਥਵਿਵਸਥਾ ਲਈ ਮਾੜਾ ਸੰਕੇਤ

ਇਸ ਸਮੇਂ ਜਿਥੇ ਸਰਕਾਰ ਅਰਥ-ਵਿਵਸਥਾ 'ਚ ਸੁਧਾਰ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਉਥੇ ਤਿਉਹਾਰਾਂ ਦੇ ਦਿਨਾਂ 'ਚ  ਸੁਧਾਰ ਦੀ ਉਮੀਦ ਲਗਾ ਰਹੀ ਹੈ। ਸਰਕਾਰ ਦੀ ਇਸ ਉਮੀਦ ਨੂੰ ਵੱਡਾ ਧੱਕਾ ਲੱਗ ਸਕਦਾ ਹੈ। ਈਂਧਣ ਦੀਆਂ ਕੀਮਤਾਂ 'ਚ ਵਾਧਾ ਯਾਤਰੀਆਂ ਦੀ ਸੰਖਿਆ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।  


Related News