ਬਿਹਾਰ ’ਚ ਸਿਆਸੀ ਸੰਕਟ ਹੋਇਆ ਡੂੰਘਾ, ਨਿਤੀਸ਼ ਦੇ ਭਾਜਪਾ ਛੱਡਣ ’ਤੇ ਵਿਰੋਧੀ ਧਿਰ ਸਾਥ ਦੇਣ ਨੂੰ ਤਿਆਰ

08/09/2022 10:58:53 AM

ਪਟਨਾ/ਕੋਲਕਾਤਾ/ਨਵੀਂ ਦਿੱਲੀ, (ਭਾਸ਼ਾ)– ਬਿਹਾਰ ’ਚ ਸਿਆਸੀ ਸੰਕਟ ਦਰਮਿਆਨ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ’ਚ ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਨੂੰ ‘ਗਲੇ ਲਾਉਣ’ ਲਈ ਤਿਆਰ ਹਨ, ਬਸ਼ਰਤੇ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਛੱਡ ਦੇਣ। ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਇਸ ਦਾ ਸਮਰਥਨ ਕਰਨਗੀਆਂ।

ਕੁਮਾਰ ਨੇ ਜਨਤਾ ਦਲ (ਯੂ) ਦੇ ਸਾਬਕਾ ਰਾਸ਼ਟਰੀ ਪ੍ਰਧਾਨ ਆਰ. ਸੀ. ਪੀ. ਸਿੰਘ ਦੇ ਪਾਰਟੀ ਛੱਡਣ ਤੋਂ ਬਾਅਦ ਪੈਦਾ ਹੋਈ ਸਥਿਤੀ ’ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਸੀ। ਜੇ. ਡੀ. ਯੂ. ਦੇ ਬੁਲਾਰੇ ਕੇ. ਸੀ. ਤਿਆਗੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ’ਚ ਪਾਰਟੀ ਜੋ ਵੀ ਫੈਸਲਾ ਲਵੇਗੀ, ਉਹ ਸਭ ਨੂੰ ਮਨਜ਼ੂਰ ਹੋਵੇਗਾ।

ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਦੇ ਕੌਮੀ ਉਪ-ਪ੍ਰਧਾਨ ਸ਼ਿਵਾਨੰਦ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਮੰਗਲਵਾਰ ਨੂੰ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਉਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸਥਿਤੀ ਅਸਾਧਾਰਨ ਹੈ। ਤਿਵਾੜੀ ਨੇ ਕਿਹਾ, ‘‘ਜੇ ਨਿਤੀਸ਼ ਐੱਨ. ਡੀ. ਏ. ਛੱਡਣ ਦਾ ਫੈਸਲਾ ਲੈਂਦੇ ਹਨ, ਤਾਂ ਸਾਡੇ ਕੋਲ ਉਨ੍ਹਾਂ ਨੂੰ ‘ਗਲੇ ਲਾਉਣ ਤੋਂ ਇਲਾਵਾ ਹੋਰ ਕੀ ਬਦਲ ਹੈ।’’

ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਸ਼ਕਤੀ ਸਿੰਘ ਯਾਦਵ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਹੁਣ ਰਾਸ਼ਟਰੀ ਜਨਤਾ ਦਲ ਨਾਲ ਜੁੜੇ ਹਰ ਮਾਮਲੇ ’ਤੇ ਫੈਸਲਾ ਲੈਣ ਲਈ ਹੁਣ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅਧਿਕਾਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੇ ਪਾਰਟੀ ਦੇ ਸਾਰੇ ਬੁਲਾਰਿਆਂ ਨੂੰ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਹੈ। ਹੁਣ ਰਾਸ਼ਟਰੀ ਜਨਤਾ ਦਲ ’ਚ ਫਿਰ ਨਵੇਂ ਬੁਲਾਰਿਆਂ ਦੀ ਸੂਚੀ ਜਲਦੀ ਹੀ ਬਣਾਈ ਜਾਵੇਗੀ।

ਓਧਰ, ਸੂਬਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਕਿਹਾ ਕਿ ਸੂਬੇ ’ਚ ਸਰਕਾਰ ਪੂਰੀ ਤਰ੍ਹਾਂ ਸਥਿਰ ਹੈ ਅਤੇ ਸੱਤਾ ਤਬਦੀਲੀ ਦੀਆਂ ਗੱਲਾਂ ਸਿਰਫ਼ ਕਿਆਸਅਰਾਈਆਂ ਹਨ। ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਸੋਮਵਾਰ ਨੂੰ ਕਿਹਾ ਕਿ ਬਿਹਾਰ ’ਚ ਕੋਈ ਬਦਲਾਅ ਨਹੀਂ ਹੋਣ ਜਾ ਰਿਹਾ ਹੈ। ਦੂਜੇ ਪਾਸੇ ਸੂਤਰਾਂ ਮੁਤਾਬਕ ਆਰ. ਜੇ. ਡੀ. ਅਤੇ ਜੇ. ਡੀ. ਯੂ. ’ਚ ਸਰਕਾਰ ਬਣਾਉਣ ਲਈ ਚਰਚਾ ਸ਼ੁਰੂ ਹੋ ਗਈ ਹੈ।


Rakesh

Content Editor

Related News