ਕਰਵਾਚੌਥ ਤੋਂ ਪਹਿਲਾਂ ਵੱਡੀ ਵਾਰਦਾਤ ; ਪਤੀ ਨੇ ਕੁਹਾੜੀ ਨਾਲ ਪਤਨੀ ਨੂੰ ਦਿੱਤੀ ਦਰਦਨਾਕ ਮੌਤ
Wednesday, Oct 28, 2026 - 05:20 PM (IST)
ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਰਵਾਚੌਥ ਤੋਂ ਐਨ ਪਹਿਲਾਂ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਇੱਕ 35 ਸਾਲਾ ਔਰਤ ਦਾ ਉਸ ਦੇ ਪਤੀ ਨੇ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਹੈ। ਜਗਨਨਾਥਪੁਰ ਥਾਣਾ ਮੁਖੀ ਟਿੰਕੂ ਕੁਮਾਰ ਦਾਸ ਅਨੁਸਾਰ, ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਪਤੀ ਮੰਗਿਲ ਸਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਗੁੱਸੇ 'ਚ ਆਏ ਮੰਗਿਲ ਨੇ ਆਪਣੀ ਪਤਨੀ ਸਲਮੀ ਸਿੰਕੂ 'ਤੇ ਕੁਹਾੜੀ ਨਾਲ ਤਾਬੜਤੋੜ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਵਾਰਦਾਤ ਸਮੇਂ ਮ੍ਰਿਤਕਾ ਦਾ ਸਹੁਰਾ ਘਰ ਦੇ ਵਿਹੜੇ 'ਚ ਸੁੱਤਾ ਪਿਆ ਸੀ ਤੇ ਉਸ ਨੂੰ ਇਸ ਝਗੜੇ ਦਾ ਪਤਾ ਨਹੀਂ ਲੱਗਾ। ਫਿਲਹਾਲ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵਾਰਦਾਤ ਵਿੱਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
