ਯੋਗੀ ਸਰਕਾਰ ਦਾ ਵੱਡਾ ਫੈਸਲਾ ! ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਦੀ ਸੁਰੱਖਿਆ ਲਈ ਬਣੇਗੀ ਚਾਰਦੀਵਾਰੀ
Saturday, Dec 06, 2025 - 04:49 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ 'ਮਹਾਪ੍ਰੀਨਿਰਵਾਣ ਦਿਵਸ' (ਬਰਸੀ) ਮੌਕੇ ਵੱਡੀਆਂ ਘੋਸ਼ਣਾਵਾਂ ਕੀਤੀਆਂ ਹਨ। ਲਖਨਊ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਜਿੱਥੇ ਵੀ ਬਾਬਾ ਸਾਹਿਬ ਦੀਆਂ ਮੂਰਤੀਆਂ ਲੱਗੀਆਂ ਹਨ, ਉੱਥੇ ਚਾਰਦੀਵਾਰੀ ਬਣਾ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮੂਰਤੀਆਂ ਉੱਤੇ ਛੱਤਰ ਵੀ ਲਗਾਇਆ ਜਾਵੇਗਾ।
ਯੋਗੀ ਆਦਿਤਿਆਨਾਥ ਨੇ ਦੱਸਿਆ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਕੁਝ ਸ਼ਰਾਰਤੀ ਤੱਤ ਅਕਸਰ ਇਨ੍ਹਾਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਗਰੀਬਾਂ ਤੇ ਕਰਮਚਾਰੀਆਂ ਲਈ ਵੱਡੇ ਐਲਾਨ:
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਅਗਲੇ ਇੱਕ ਜਾਂ ਦੋ ਮਹੀਨਿਆਂ ਦੇ ਅੰਦਰ ਹੀ ਚੌਥੀ ਸ਼੍ਰੇਣੀ (Class IV), ਠੇਕਾ ਅਤੇ ਸਫ਼ਾਈ ਕਰਮਚਾਰੀਆਂ ਨੂੰ ਘੱਟੋ-ਘੱਟ ਮਾਣਭੱਤਾ ਦੇਣ ਦੀ ਗਰੰਟੀ ਪ੍ਰਦਾਨ ਕਰੇਗੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ 'ਜ਼ੀਰੋ ਪਾਵਰਟੀ ਅਭਿਆਨ' ਵੀ ਇਸੇ ਦਾ ਹਿੱਸਾ ਹੈ, ਜਿਸ ਤਹਿਤ ਅਨੁਸੂਚਿਤ ਜਾਤੀ-ਜਨਜਾਤੀ ਅਤੇ ਅਤਿ-ਪਛੜੇ ਵਰਗ ਦੇ ਗਰੀਬਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜਿਸ ਵੀ ਗਰੀਬ-ਵੰਚਿਤ ਨਾਗਰਿਕ ਕੋਲ ਮਕਾਨ ਜਾਂ ਆਯੁਸ਼ਮਾਨ ਕਾਰਡ ਨਹੀਂ ਹੈ, ਉਸ ਨੂੰ ਮਕਾਨ ਅਤੇ ਪੰਜ ਲੱਖ ਰੁਪਏ ਤੱਕ ਦੀ ਆਯੁਸ਼ਮਾਨ ਸਿਹਤ ਸਹੂਲਤ ਦਿੱਤੀ ਜਾਵੇਗੀ।
ਯੋਗੀ ਨੇ ਕਿਹਾ ਕਿ 'ਡਬਲ ਇੰਜਨ' ਸਰਕਾਰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਬਿਨਾਂ ਕਿਸੇ ਭੇਦਭਾਵ ਦੇ, ਹਰ ਵੰਚਿਤ, ਗਰੀਬ ਅਤੇ ਪੱਛੜੇ ਵਰਗ ਨੂੰ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ।
ਤੁਸ਼ਟੀਕਰਨ ਦੀ ਨੀਤੀ 'ਤੇ ਹਮਲਾ:
ਮੁੱਖ ਮੰਤਰੀ ਨੇ ਕਾਂਗਰਸ ਅਤੇ ਤੁਸ਼ਟੀਕਰਨ ਦੀ ਨੀਤੀ 'ਤੇ ਚੱਲਣ ਵਾਲੀਆਂ ਪਾਰਟੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਲੋਕ ਨਾ ਸਿਰਫ਼ ਭਾਰਤ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਗੋਂ ਬਾਬਾ ਸਾਹਿਬ ਅੰਬੇਡਕਰ ਦਾ ਵੀ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਡਾ. ਅੰਬੇਡਕਰ ਦੇ ਇੱਕ ਪੁਰਾਣੇ ਬਿਆਨ ਨੂੰ ਯਾਦ ਕੀਤਾ ਕਿ ਜਿਹੜਾ ਵਿਅਕਤੀ ਭਾਰਤ ਦੀ ਧਰਤੀ 'ਤੇ ਪੈਦਾ ਹੋ ਕੇ, ਭਾਰਤ ਦੀਆਂ ਸਹੂਲਤਾਂ ਦਾ ਇਸਤੇਮਾਲ ਕਰਦਾ ਹੈ, ਫਿਰ ਵੀ ਭਾਰਤ ਦੀ ਧਰਤੀ ਨੂੰ ਅਪਵਿੱਤਰ ਮੰਨਦਾ ਹੈ, ਉਸ ਦੀਆਂ ਗੱਲਾਂ ਕਦੇ ਵੀ ਭਾਰਤੀਆਂ ਦੇ ਹਿੱਤ ਵਿੱਚ ਨਹੀਂ ਹੋ ਸਕਦੀਆਂ।
