ਪਾਰਥ ਚੈਟਰਜੀ ਦੀ ਗ੍ਰਿਫਤਾਰੀ ਤੋਂ ਬਾਅਦ ਤ੍ਰਿਣਮੂਲ ਕਾਂਗਰਸ ’ਚ ਵੱਡਾ ਫੇਰਬਦਲ
Tuesday, Aug 02, 2022 - 10:57 AM (IST)
ਕੋਲਕਾਤਾ (ਭਾਸ਼ਾ)– ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਸੋਮਵਾਰ ਨੂੰ ਵੱਡਾ ਫੇਰਬਦਲ ਕਰਦੇ ਹੋਏ ਕੁਝ ਮੰਤਰੀਆਂ ਸਮੇਤ ਨਵੇਂ ਚਿਹਰਿਆਂ ਨੂੰ ਸੰਗਠਨ ’ਚ ਸ਼ਾਮਲ ਕੀਤਾ, ਜਿਸ ਦਾ ਮਕਸਦ ਅਗਲੇ ਸਾਲ ਹੋਣ ਵਾਲੀਆਂ ਮਹੱਤਵਪੂਰਨ ਪੰਚਾਇਤੀ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਬਣਾਉਣਾ ਹੈ।
ਸਕੂਲ ਭਰਤੀ ਘਪਲੇ ਵਿਚ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਾਰਥ ਚੈਟਰਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਰੀ ਸਿਆਸੀ ਘਮਾਸਾਨ ਦਰਮਿਆਨ ਇਹ ਫੇਰਬਦਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ. ਐੱਮ. ਸੀ. ਮੁੱਖੀ ਮਮਤਾ ਬੈਨਰਜੀ ਨੇ ਮੰਤਰੀ ਮੰਡਲ ਦੇ ਫੇਰਬਦਲ ਦਾ ਐਲਾਨ ਕੀਤਾ ਅਤੇ ਕਿਹਾ ਕਿ ਕੁਝ ਮੌਜੂਦਾ ਮੰਤਰੀਆਂ ਨੂੰ ਪਾਰਟੀ ਸੰਗਠਨ ’ਚ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਸੰਕੇਤ ਦਿੱਤਾ ਕਿ ਉਹ ਆਪਣੀ ਕੈਬਨਿਟ ’ਚ 5 ਨਵੇਂ ਚਿਹਰੇ ਲਿਆਵੇਗੀ। ਮਮਤਾ ਨੇ ਕਿਹਾ ਕਿ ਆਉਂਦੇ ਬੁੱਧਵਾਰ ਦੀ ਦੁਪਹਿਰ ਮੰਤਰੀ ਮੰਡਲ ’ਚ ਕੁਝ ਫੇਰਬਦਲ ਹੋਣ ਦੀ ਸੰਭਾਵਨਾ ਹੈ।
ਬੈਨਰਜੀ ਦੇ ਐਲਾਨ ਤੋਂ ਬਾਅਦ ਯੋਜਨਾ, ਅੰਕੜਾ ਅਤੇ ਪ੍ਰੋਗਰਾਮ ਨਿਗਰਾਨੀ ਵਿਭਾਗ ਦੀ ਰਾਜ ਮੰਤਰੀ (ਸੁਤੰਤਰ ਚਾਰਜ) ਆਸਿਮਾ ਪਾਤਰਾ ਅਤੇ ਸਿੰਚਾਈ ਅਤੇ ਜਲ ਮਾਰਗ ਮੰਤਰੀ ਸੌਮੇਨ ਮਹਾਪਾਤਰਾ ਨੂੰ ਉਨ੍ਹਾਂ ਦੇ ਜ਼ਿਲਿਆਂ ਦੀਆਂ ਸੰਗਠਾਨਤਮਕ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਵਿਧਾਇਕ ਤਾਪਸ ਰਾਏ ਅਤੇ ਪਾਰਥ ਭੌਮਿਕ ਨੂੰ ਪਾਰਟੀ ਦੇ ਉੱਤਰੀ ਕੋਲਕਾਤਾ ਅਤੇ ਦਮ ਦਮ-ਬੈਰਕਪੁਰ ਖੇਤਰਾਂ ਦੇ ਪ੍ਰਧਾਨਾਂ ਦੇ ਅਹੁਦਿਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਫੇਰਬਦਲ ’ਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦਾ ਪ੍ਰਭਾਵ ਸਾਫ਼ ਨਜ਼ਰ ਆ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਕੂਚ ਬਿਹਾਰ, ਦੱਖਣੀ ਦਿਨਾਜਪੁਰ, ਨਾਦੀਆ ਦੱਖਣ (ਰਾਣਾਘਾਟ), ਹੁਗਲੀ-ਸ਼੍ਰੀਰਾਮਪੁਰ, ਝਾਰਗ੍ਰਾਮ ਅਤੇ ਬਨਗਾਂਵ ਸਮੇਤ ਕਈ ਸੰਗਠਨਾਤਮਕ ਜ਼ਿਲਿਆਂ ਦੇ ਪ੍ਰਧਾਨਾਂ ਨੂੰ ਬਦਲਿਆ ਗਿਆ ਹੈ, ਜਦੋਂ ਕਿ ਕਈ ਹੋਰ ਜ਼ਿਲਿਆਂ ਜਿਵੇਂ ਕੋਲਕਾਤਾ ਉੱਤਰੀ, ਬਾਂਕੁੜਾ, ਉੱਤਰੀ ਦਿਨਾਜਪੁਰ, ਤਾਮਲੂਕ ਅਤੇ ਬਨਗਾਂਵ ਦੇ ਨਵੇਂ ਮੁਖੀ ਹੋਣਗੇ।
7 ਨਵੇਂ ਜ਼ਿਲੇ ਬਣਾਉਣ ਦਾ ਐਲਾਨ
ਕੋਲਕਾਤਾ : ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਸੂਬੇ ’ਚ 7 ਹੋਰ ਨਵੇਂ ਜ਼ਿਲੇ ਬਣਾਉਣ ਦਾ ਐਲਾਨ ਕੀਤਾ ਹੈ। ਸ੍ਰੀਮਤੀ ਬੈਨਰਜੀ ਨੇ ਕਿਹਾ, ‘ਪਹਿਲਾਂ ਬੰਗਾਲ ’ਚ 23 ਜ਼ਿਲੇ ਸਨ। ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 30 ਕਰ ਦਿੱਤੀ ਗਈ ਹੈ। 7 ਨਵੇਂ ਜ਼ਿਲਿਆਂ ’ਚ ਸੁੰਦਰਬਨ, ਇਛਾਮਤੀ, ਰਾਣਾਘਾਟ, ਬਿਸ਼ਨੂਪੁਰ, ਜੰਗੀਪੁਰ, ਬਹਿਰਾਮਪੁਰ ਅਤੇ ਬਸ਼ੀਰਹਾਟ ਸ਼ਾਮਲ ਹਨ।’