ਚੱਲਦੀ ਰੇਲ ਗੱਡੀ ''ਚ ਵੱਡਾ ਹਾਦਸਾ, ਯਾਤਰੀਆਂ ਨੇ ਮਾਰ ''ਤੀਆਂ ਛਾਲਾਂ, 2 ਦੀ ਮੌਤ

Friday, Jul 26, 2024 - 01:59 PM (IST)

ਸਾਗਰ : ਗੋਰਖਪੁਰ ਤੋਂ ਪੁਣੇ ਜਾ ਰਹੀ ਪੁਣੇ ਵੀਕਲੀ ਐਕਸਪ੍ਰੈਸ 'ਚ ਯਾਤਰੀਆਂ 'ਤੇ ਗਰਮ ਚਾਹ ਡਿੱਗਣ ਪਿੱਛੋਂ ਹਫੜਾ-ਦਫੜੀ ਮਚ ਗਈ। ਤਿੰਨ ਯਾਤਰੀ ਝੁਲਸ ਗਏ ਅਤੇ ਦੋ ਯਾਤਰੀਆਂ ਨੇ ਡਰ ਦੇ ਮਾਰੇ ਚੱਲਦੀ ਰੇਲ ਗੱਡੀ 'ਚੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਵਿੱਚ ਜੀ. ਆਰ. ਪੀ., ਆਰ. ਪੀ. ਐੱਫ. ਸਣੇ ਭਾਨਗੜ੍ਹ ਥਾਣੇ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਗੋਰਖਪੁਰ ਤੋਂ ਪੁਣੇ ਜਾ ਰਹੀ ਰੇਲਗੱਡੀ ਨੰਬਰ 15029 ਪੁਣੇ ਐਕਸਪ੍ਰੈਸ ਸਵੇਰੇ 7 ਵਜੇ ਦੇ ਕਰੀਬ ਕਰੋਂਡਾ ਸਟੇਸ਼ਨ ਦੇ ਕੋਲੋਂ ਲੰਘ ਰਹੀ ਸੀ। ਇਸ ਦੌਰਾਨ ਇੱਕ ਵਿਕਰੇਤਾ ਚਾਹ ਵੇਚਣ ਲਈ ਜਨਰਲ ਕੋਚ ਵਿੱਚ ਆਇਆ। ਵਿਕਰੇਤਾ ਨੇ ਥਰਮਸ ਨੂੰ ਲਾਪਰਵਾਹੀ ਨਾਲ ਫੜਿਆ ਹੋਇਆ ਸੀ ਅਤੇ ਇਸ ਦੌਰਾਨ ਅਚਾਨਕ ਥਰਮਸ ਦਾ ਢੱਕਣ ਖੁੱਲ੍ਹ ਗਿਆ।

ਇਸ ਕਾਰਨ ਜਨਰਲ ਕੋਚ 'ਚ ਹੇਠਾਂ ਸੁੱਤੇ ਪਏ ਵਿਸ਼ਵਨਾਥ ਪਿਤਾ ਰਾਮਸੇਵਕ 27 ਸਾਲ ਵਾਸੀ ਗੌਂਡਾ, ਮਨੀਸ਼ ਪਿਤਾ ਭੋਲਾ ਰਾਜ 25 ਸਾਲ ਵਾਸੀ ਮਹਾਰਾਜਗੰਜ ਪੁਣੇ, ਦੀਪਕ ਪਿਤਾ ਹਰੀਸ਼ੰਕਰ 32 ਸਾਲ ਵਾਸੀ ਗੋਰਖਪੁਰ 'ਤੇ ਗਰਮ-ਗਰਮ ਚਾਹ ਡਿੱਗ ਪਈ। ਇਸ ਕਾਰਨ ਤਿੰਨੇ ਬੁਰੀ ਤਰ੍ਹਾਂ ਝੁਲਸ ਗਏ।

ਇਸੇ ਦੌਰਾਨ ਕੋਚ ਦੇ ਅੰਦਰ ਹਫੜਾ-ਦਫੜੀ ਮਚ ਗਈ। ਦਰਵਾਜ਼ੇ 'ਤੇ ਬੈਠੇ ਦੋ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਟਰੇਨ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਚਾਹ ਵਾਲੇ ਨੂੰ ਯਾਤਰੀਆਂ ਨੇ ਫੜ੍ਹ ਕੇ ਰੇਲ ਗੱਡੀ ਦੇ ਬੀਨਾ ਸਟੇਸ਼ਨ 'ਤੇ ਪਹੁੰਚਣ 'ਤੇ ਜੀ. ਆਰ. ਪੀ. ਦੇ ਹਵਾਲੇ ਕਰ ਦਿੱਤਾ।

ਝੁਲਸੇ ਯਾਤਰੀਆਂ 'ਚੋਂ ਇਕ ਦੀ ਹਾਲਤ ਗੰਭੀਰ

ਇਸ ਦੌਰਾਨ ਮਨੀਸ਼ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਾਗਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਭਾਨਗੜ੍ਹ ਥਾਣਾ ਖੇਤਰ ਵਿੱਚ ਵਾਪਰੀ, ਜਿਸ ਕਾਰਨ ਥਾਣਾ ਭਾਨਗੜ੍ਹ ਪੁਲੀਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਜੀ. ਆਰ. ਪੀ. ਦੇ ਏ. ਐੱਸ. ਆਈ. ਮੂਲਚੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਕਰੇਤਾ ਨੂੰ ਫੜ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


DILSHER

Content Editor

Related News