ਭੂਪੇਨ ਬੋਰਾ ਆਸਾਮ ਕਾਂਗਰਸ ਦੇ ਬਣੇ ਨਵੇਂ ਪ੍ਰਧਾਨ, ਤਿੰਨ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ
Saturday, Jul 24, 2021 - 11:11 PM (IST)
ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਭੂਪੇਨ ਬੋਰਾ ਨੂੰ ਆਪਣੀ ਆਸਾਮ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂ ਗੋਪਾਲ ਵੱਲੋਂ ਦਿੱਤੇ ਬਿਆਨ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭੂਪੇਨ ਬੋਰਾ ਨੂੰ ਆਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਬਣਾਉਣ ਦੇ ਨਾਲ-ਨਾਲ ਤਿੰਨ ਹੋਰ ਕਾਰਜਕਾਰੀ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ’ਚ ਰਾਣਾ ਗੋਸਵਾਮੀ, ਕਰਮਾਲਾਖਯਾ ਡੇ ਪੁਰਕਾਯਸਥ ਅਤੇ ਜ਼ਾਕਿਰ ਹੁਸੈਨ ਸਿਦਕਰ ਸ਼ਾਮਲ ਹਨ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
ਭੂਪੇਨ ਬੋਰਾ ਨੇ ਰਿਪੁਨ ਬੋਰਾ ਦੀ ਥਾਂ ਲਈ ਹੈ। ਕੁਝ ਮਹੀਨੇ ਪਹਿਲਾਂ ਹੋਈਆਂ ਆਸਾਮ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਪ੍ਰਦੇਸ਼ ਸੰਗਠਨ ’ਚ ਇਹ ਤਬਦੀਲੀ ਕੀਤੀ ਗਈ ਹੈ। ਭੂਪੇਨ ਬੋਰਾ ਅਤੇ ਗੋਸਵਾਮੀ ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦੀ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ (ਵੀਡੀਓ)
ਕੌਣ ਹਨ ਭੂਪੇਨ ਬੋਰਾ
ਭੂਪੇਨ ਬੋਰਾ ਕਾਲਜ ਤੋਂ ਹੀ ਸਿਆਸਤ ’ਚ ਬਹੁਤ ਸਰਗਰਮ ਰਹੇ ਹਨ। 1989 ’ਚ ਉਹ ਉੱਤਰ ਲਖੀਮਪੁਰ ਕਾਲਜ ਵਿਦਿਆਰਥੀ ਯੂਨੀਅਨ ਦੇ ਨਾਇਬ ਸਦਰ ਬਣੇ। ਇਸ ਤੋਂ ਬਾਅਦ ਉਹ ਡਿਬਰੂਗੜ੍ਹ ਯੂਨਿਵਰਸਿਟੀ ਪੋਸਟ ਗ੍ਰੈਜੂਏਟ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਬਣੇ। ਪੋਲੀਟੀਕਲ ਸਾਇੰਸ ’ਚ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਮੁਕੰਮਲ ਤੌਰ ’ਤੇ ਯੂਥ ਕਾਂਗਰਸ ਦੇ ਵਰਕਰ ਬਣ ਗਏ। 1998 ’ਚ ਉਹ ਆਸਾਮ ਪ੍ਰਦੇਸ਼ ਕਾਂਗਰਸ ਕਮੇਟੀ (APCC) ਦੇ ਸਕੱਤਰ ਨਿਯੁਕਤ ਕੀਤੇ ਗਏ। ਏ. ਪੀ. ਸੀ. ਸੀ. ਦੇ ਜਨਰਲ ਸਕੱਤਰ ਵਜੋਂ ਉਨ੍ਹਾਂ ਸੂਬੇ ’ਚ ਕਾਂਗਰਸ ਦੀ ਸਥਿਤੀ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਈ। ਆਸਾਮ ਸਰਕਾਰ ’ਚ ਬੋਰਾ ਨੇ ਬਿਜਲੀ ਅਤੇ ਗ੍ਰਹਿ ਇੰਚਾਰਜ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ ਹੈ।