ਆਦਮਪੁਰ ਜ਼ਿਮਨੀ ਚੋਣ ’ਚ ਭਵਿਆ ਦੀ ਸ਼ਾਨਦਾਰ ਜਿੱਤ, ਵਧਾਈਆਂ ਦਾ ਲੱਗਾ ਤਾਂਤਾ
Monday, Nov 07, 2022 - 12:45 PM (IST)
ਹਿਸਾਰ- ਆਦਮਪੁਰ ਜ਼ਿਮਨੀ ਚੋਣ ਭਾਜਪਾ ਉਮੀਦਵਾਰ ਅਤੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੇ ਜਿੱਤੀ। ਭਵਿਆ ਨੇ ਆਪਣੇ ਮੁਕਾਬਲੇਬਾਜ਼ ਅਤੇ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਨੂੰ ਕਰੀਬ 16,000 ਵੋਟਾਂ ਦੇ ਫ਼ਰਕ ਨਾਲ ਹਰਾਇਆ। ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਮੁਤਾਬਕ ਬਿਸ਼ਨੋਈ ਨੂੰ 67,376 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਨੇੜਲੇ ਉਮੀਦਵਾਰ ਅਤੇ ਕਾਂਗਰਸ ਦੇ ਜੈਪ੍ਰਕਾਸ਼ ਨੂੰ 51,662 ਮਿਲੀਆਂ।
ਭਵਿਆ ਦੀ ਜਿੱਤ ਮਗਰੋਂ ਸੋਸ਼ਲ ਮੀਡੀਆ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਭਾਰਤੀ ਜਨਤਾ ਪਾਰਟੀ ਆਦਮਪੁਰ ਹਰਿਆਣਾ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਭਵਿਆ ਬਿਸ਼ਨੋਈ ਨੂੰ ਜਿੱਤ ਦੀ ਬਹੁਤ-ਬਹੁਤ ਵਧਾਈਆਂ। ਇਹ ਜਿੱਤ ਮਾਣਯੋਗ ਮੁੱਖ ਮੰਤਰੀ ਮਨੋਹਰ ਲਾਲ ਜੀ ਦੀ ਅਗਵਾਈ ਵਾਲੀ ਭਾਜਪਾ-ਜੇ. ਜੇ. ਪੀ. ਗਠਜੋੜ ਸਰਕਾਰ ਦੇ ਲੋਕ ਪੱਖੀ ਕੰਮਾਂ ਅਤੇ ਯੋਜਨਾਵਾਂ ’ਤੇ ਜਨਤਾ ਦੇ ਵਧਦੇ ਵਿਸ਼ਵਾਸ ਦੀ ਮੋਹਰ ਹੈ। ਇਸ ਸਫ਼ਲਤਾ ਲਈ ਭਾਜਪਾ ਹਰਿਆਣਾ ਦੇ ਮਿਹਨਤੀ ਵਰਕਰ ਪ੍ਰਸ਼ੰਸਾ ਦੇ ਪਾਤਰ ਹਨ।
ਦੱਸ ਦੇਈਏ ਕਿ ਭਜਨਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਦੇ ਅਸਤੀਫ਼ਾ ਦੇ ਕੇ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਣ ਕਾਰਨ ਆਦਮਪੁਰ ਸੀਟ ’ਤੇ ਜ਼ਿਮਨੀ ਚੋਣ ਹੋਈ। ਇਸ ਸੀਟ ’ਤੇ ਸਾਲ 1968 ਤੋਂ ਭਜਨਲਾਲ ਪਰਿਵਾਰ ਦਾ ਕਬਜ਼ਾ ਹੈ। 3 ਨਵੰਬਰ ਨੂੰ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ 75 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ। ਜ਼ਿਮਨੀ ਚੋਣ 5 ਦਹਾਕਿਆਂ ਤੋਂ ਭਜਨਲਾਲ ਪਰਿਵਾਰ ਦਾ ਗੜ੍ਹ ਰਹੇ ਇਸ ਖੇਤਰ ਵਿਚ ਉਨ੍ਹਾਂ ਦੀ ਸਾਖ਼ ਨੂੰ ਭਵਿਆ ਨੇ ਬਰਕਰਾਰ ਰੱਖਿਆ ਹੈ।