ਇਸ ਸ਼ਹਿਰ ''ਚ ਪਾਣੀ ਦੀ ਕਿੱਲਤ ਕਾਰਨ ਸਕੂਲ ਬੰਦ, ਟੈਂਕਰਾਂ ਦੇ ਭਾਅ ਹੋਏ ਦੁੱਗਣੇ
Friday, Mar 08, 2024 - 01:52 PM (IST)

ਬੈਂਗਲੁਰੂ (ਭਾਸ਼ਾ)- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਵਿਜੇਨਗਰ ਵਿਚ ਸਥਿਤ ਇਕ ਕੋਚਿੰਗ ਸੈਂਟਰ ਨੇ 'ਐਮਰਜੈਂਸੀ' ਸਥਿਤੀ ਕਾਰਨ ਆਪਣੇ ਵਿਦਿਆਰਥੀਆਂ ਨੂੰ ਇਕ ਹਫ਼ਤੇ ਲਈ ਆਨਲਾਈਨ ਕਲਾਸਾਂ ਲੈਣ ਲਈ ਕਿਹਾ ਹੈ। ਇਸੇ ਤਰ੍ਹਾਂ ਸ਼ਹਿਰ ਦੇ ਬੈਨਰਘੱਟਾ ਰੋਡ ’ਤੇ ਸਥਿਤ ਇਕ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦੀ ਹਦਾਇਤ ਕੀਤੀ ਗਈ। ਇਹ ‘ਐਮਰਜੈਂਸੀ’ ਸਥਿਤੀ ਹੋਰ ਕੁਝ ਨਹੀਂ ਸਗੋਂ ਸ਼ਹਿਰ 'ਚ ਜਾਰੀ ਭਿਆਨਕ ਜਲ ਸੰਕਟ ਹੈ। ਸਾਲ 2023 'ਚ ਮੀਂਹ ਦੀ ਘਾਟ ਕਾਰਨ ਪੂਰਾ ਕਰਨਾਟਕ, ਖਾਸ ਤੌਰ 'ਤੇ ਬੈਂਗਲੁਰੂ ਹਾਲ ਹੀ ਦੇ ਸਾਲਾਂ 'ਚ ਸਭ ਤੋਂ ਭਿਆਨਕ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਘੱਟ ਬਾਰਿਸ਼ ਦਾ ਕਾਰਨ ਐਲ ਨੀਨੋ ਪ੍ਰਭਾਵ ਨੂੰ ਮੰਨਿਆ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਬੈਂਗਲੁਰੂ ਦੇ ਕੁਮਾਰਕ੍ਰਿਪਾ ਰੋਡ 'ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਦਫਤਰ-ਕਮ-ਨਿਵਾਸ ਦੇ ਅੰਦਰ ਪਾਣੀ ਦੇ ਟੈਂਕਰ ਦੇਖੇ ਗਏ ਹਨ। ਜਦੋਂ ਕਿ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਸਦਾਸ਼ਿਵਨਗਰ, ਬੈਂਗਲੁਰੂ ਵਿਚ ਉਨ੍ਹਾਂ ਦੇ ਘਰ ਦਾ ਬੋਰਵੈੱਲ ਪਹਿਲੀ ਵਾਰ ਪੂਰੀ ਤਰ੍ਹਾਂ ਸੁੱਕ ਗਿਆ ਹੈ, ਹਾਲਾਂਕਿ ਇਹ (ਘਰ) ਸਦਾਸ਼ਿਵਨਗਰ ਸਾਂਕੀ ਝੀਲ ਦੇ ਕੋਲ ਸਥਿਤ ਹੈ। ਬੈਂਗਲੁਰੂ ਦੀਆਂ ਸੜਕਾਂ 'ਤੇ ਪਾਣੀ ਦੇ ਟੈਂਕਰ ਘੁੰਮਦੇ ਦੇਖਣਾ ਹੁਣ ਆਮ ਹੋ ਗਿਆ ਹੈ।
ਇਹ ਵੀ ਪੜ੍ਹੋ: ਰਾਮ ਮੰਦਰ ਦਾ ਮੁੱਖ ਸਿਖਰ 300 ਦਿਨ 'ਚ ਹੋਵੇਗਾ ਤਿਆਰ, ਚੜ੍ਹਾਈ ਜਾਵੇਗੀ ਸੋਨੇ ਦੀ ਪਰਤ
ਸ਼ਿਵਕੁਮਾਰ ਅਨੁਸਾਰ ਆਮ ਦਿਨਾਂ 'ਚ ਪਾਣੀ ਦੀ ਸਪਲਾਈ ਕਰਨ ਵਾਲਾ ਇਕ ਟੈਂਕਰ 700 ਤੋਂ 800 ਰੁਪਏ ਕਿਰਾਇਆ ਲਿਆ ਜਾਂਦਾ ਸੀ ਪਰ ਮੰਗ ਜ਼ਿਆਦਾ ਹੋਣ ਕਾਰਨ ਹੁਣ ਟੈਂਕਰ ਦਾ ਰੇਟ 1500 ਤੋਂ 1800 ਰੁਪਏ ਹੋ ਗਿਆ ਹੈ। ਬੈਂਗਲੁਰੂ ਦੇ ਉੱਤਰਾਹੱਲੀ ਦੇ ਵਸਨੀਕ ਸ਼ਰਸ਼ਚੰਦਰ ਨੇ ਕਿਹਾ, “ਸਾਡੇ ਪਰਿਵਾਰ ਵਿਚ ਛੇ ਮੈਂਬਰ ਹਨ। ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਪਾਣੀ ਦਾ ਇਕ ਟੈਂਕਰ ਪੰਜ ਦਿਨ ਚੱਲਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਇਕ ਮਹੀਨੇ ਵਿਚ ਪਾਣੀ ਦੇ ਛੇ ਟੈਂਕਰਾਂ ਦੀ ਲੋੜ ਹੈ, ਜਿਸ 'ਤੇ ਸਾਨੂੰ ਪ੍ਰਤੀ ਮਹੀਨਾ 9000 ਰੁਪਏ ਦੇ ਕਰੀਬ ਖਰਚਾ ਆਵੇਗਾ। ਸਾਨੂੰ ਇਸ ਤਰ੍ਹਾਂ ਕਿੰਨਾ ਪੈਸਾ ਖਰਚ ਕਰਨਾ ਚਾਹੀਦਾ ਹੈ? ਉਪ ਮੁੱਖ ਮੰਤਰੀ ਸ਼ਿਵਕੁਮਾਰ, ਜੋ ਬੈਂਗਲੁਰੂ ਵਿਕਾਸ ਦੇ ਇੰਚਾਰਜ ਹਨ, ਨੇ ਬੈਂਗਲੁਰੂ ਵਿਚ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਟੈਂਕਰਾਂ ਅਤੇ ਨਿੱਜੀ ਬੋਰਵੈਲਾਂ ਨੂੰ ਆਪਣੇ ਕਬਜ਼ੇ 'ਚ ਲੈਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਦੀ ਸਪਲਾਈ ਲਈ ਦੁੱਧ ਦੇ ਟੈਂਕਰ ਵੀ ਵਰਤੇ ਜਾਣਗੇ। ਸਰਕਾਰ ਪ੍ਰਤੀ ਟੈਂਕਰ ਪਾਣੀ ਦਾ ਰੇਟ ਤੈਅ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ। ਸਿੱਧਰਮਈਆ ਅਨੁਸਾਰ ਕਰਨਾਟਕ ਦੇ 136 ਤਾਲੁਕਾਂ ਵਿਚੋਂ 123 ਨੂੰ ਸੋਕਾਗ੍ਰਸਤ ਘੋਸ਼ਿਤ ਕੀਤਾ ਗਿਆ ਹੈ ਅਤੇ 109 ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਰਨਾਟਕ ਸਰਕਾਰ ਨੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਤਾਲੁਕਾ ਪੱਧਰ 'ਤੇ ਕੰਟਰੋਲ ਰੂਮ ਅਤੇ ਹੈਲਪਲਾਈਨ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਪਸ਼ੂਆਂ ਲਈ ਪਾਣੀ ਦੀ ਸਪਲਾਈ ਅਤੇ ਚਾਰੇ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਹਲਕਾ ਵਿਧਾਇਕ ਦੀ ਅਗਵਾਈ ਹੇਠ ਤਾਲੁਕਾ ਪੱਧਰ 'ਤੇ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਆਈਐੱਮਡੀ ਦੇ ਵਿਗਿਆਨੀ ਏ. ਪ੍ਰਸਾਦ ਨੇ ਦੱਸਿਆ ਕਿ ਪਿਛਲੇ ਸਾਲ ਐਲ ਨੀਨੋ ਦਾ ਪ੍ਰਭਾਵ ਸੀ, ਇਸ ਸਾਲ ਵੀ ਇਸਦਾ ਮੱਧਮ ਪ੍ਰਭਾਵ ਬਣਿਆ ਹੋਇਆ ਹੈ ਪਰ ਇਸ ਦੇ ਘੱਟਣ ਦੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e