ਭਿਖਾਰੀ ਦੀ ਮੌਤ ਤੋਂ ਬਾਅਦ ਝੌਂਪੜੀ 'ਚ ਮਿਲਿਆ ਇੰਨਾ ਪੈਸਾ ਕਿ ਸਾਰਿਆਂ ਦੇ ਉੱਡੇ ਹੋਸ਼
Monday, Oct 07, 2019 - 12:07 PM (IST)

ਮੁੰਬਈ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਸ਼ੁੱਕਰਵਾਰ ਨੂੰ ਗੋਵੰਡੀ ਸਟੇਸ਼ਨ ਕੋਲ ਟਰੇਨ ਨਾਲ ਕੱਟ ਕੇ ਇਕ ਭਿਖਾਰੀ ਦੀ ਮੌਤ ਹੋ ਗਈ। ਰੇਲਵੇ ਪੁਲਸ ਨੇ ਭਿਖਾਰੀ ਦੀ ਪਛਾਣ 82 ਸਾਲ ਦੇ ਬਿਰਭੀਚੰਦ ਆਜ਼ਾਦ ਦੇ ਰੂਪ 'ਚ ਹੋਈ ਹੈ। ਪੁਲਸ ਇਸ ਭਿਖਾਰੀ ਦੇ ਘਰ ਪਹੁੰਚੀ ਤਾਂ ਉਸ ਨੂੰ 1.77 ਲੱਖ ਰੁਪਏ ਦੇ ਸਿੱਕੇ ਅਤੇ 8.77 ਲੱਖ ਰੁਪਏ ਦੇ ਫਿਕਸਡ ਡਿਪਾਜਿਟ ਦੇ ਪੇਪਰਜ਼ ਮਿਲੇ। ਇਸ ਵਿਅਕਤੀ ਨੇ ਪੈਨ ਕਾਰਡ, ਆਧਾਰ ਕਾਰਡ ਅਤੇ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਵਾ ਰੱਖਿਆ ਸੀ।
ਭਿਖਾਰੀ ਦੀ ਇੰਨੀ ਦੌਲਤ ਦੇਖ ਪੁਲਸ ਵੀ ਹੈਰਾਨ
ਭਿਖਾਰੀ ਦੀ ਝੌਂਪੜੀ 'ਚ ਇੰਨੀ ਦੌਲਤ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਚਾਰ ਬੈਗਾਂ 'ਚ ਭਰ ਕੇ ਰੱਖੇ ਗਏ ਸਿੱਕਿਆਂ ਨੂੰ ਗਿਣਨ 'ਚ ਵੀ ਪੁਲਸ ਨੂੰ 6 ਘੰਟੇ ਲੱਗੇ। ਸੀਨੀਅਰ ਇੰਸਪੈਕਟਰ ਨੰਦਕੁਮਾਰ ਸਾਸਤੇ ਨੇ ਇਕ ਅਖਾਬਰ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਝੁੱਗੀ ਵਾਲੇ ਇਸ ਕਾਲੋਨੀ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਭਿਖਾਰੀ ਹੀ ਸੀ। ਉਸ ਦੇ ਕੁਝ ਕਾਗਜ਼ਾਂ 'ਚ ਉਸ ਦੇ ਘਰ ਦਾ ਪਤਾ ਰਾਜਸਥਾਨ ਦਾ ਹੈ। ਉਹ ਮੁੰਬਈ 'ਚ ਇਕੱਲਾ ਹੀ ਰਹਿੰਦਾ ਸੀ।''
ਟਰੇਨ ਨਾਲ ਕੱਟ ਕੇ ਹੋਈ ਮੌਤ
ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਤੋਂ ਬਾਅਦ ਝੌਂਪੜੀ 'ਚ ਪੁੱਜੀ ਦਰਜਨ ਭਰ ਪੁਲਸ ਵਾਲਿਆਂ ਦੀ ਟੀਮ ਆਜ਼ਾਦ ਦੀ ਜਾਇਦਾਦ ਨਾਲ ਜੁੜੀ ਕਾਰਵਾਈ ਨੂੰ ਐਤਵਾਰ ਤੱਕ ਪੂਰੀ ਕਰ ਸਕੀ। ਇਸ ਛੋਟੀ ਜਿਹੀ ਝੌਂਪੜੀ 'ਚ ਲੱਖਾਂ ਦੀ ਦੌਲਤ ਦੇਖ ਪੁਲਸ ਵਾਲੇ ਵੀ ਹੈਰਾਨ ਰਹਿ ਗਏ। ਇੰਸਪੈਕਟਰ ਸਾਸਤੇ ਨੇ ਕਿਹਾ,''ਅਸੀਂ ਸ਼ਨੀਵਾਰ ਰਾਤ ਨੂੰ ਸਿੱਕੇ ਗਿਣਨ ਸ਼ੁਰੂ ਕੀਤੇ ਅਤੇ ਐਤਵਾਰ ਸਵੇਰ ਤੱਕ ਗਿਣਦੇ ਰਹੇ। ਪੂਰੇ ਕਮਰੇ 'ਚ ਬਹੁਤ ਸਾਰੇ ਕਾਗਜ਼ ਪਏ ਸਨ, ਜਿਸ 'ਚ 8.77 ਲੱਖ ਰੁਪਏ ਦੇ ਫਿਕਸਡ ਡਿਪਾਜਿਟ ਦੇ ਵੀ ਪੇਪਰਜ਼ ਸਨ। ਅਸੀਂ ਰਾਜਸਥਾਨ ਪੁਲਸ ਨੂੰ ਬਿਰਭੀਚੰਦ ਆਜ਼ਾਦ ਬਾਰੇ ਸੂਚਨਾ ਦੇ ਦਿੱਤੀ ਹੈ।'' ਜਾਣਕਾਰੀ ਅਨੁਸਾਰ, ਆਜ਼ਾਦ ਗੋਵੰਡੀ 'ਚ ਕਈ ਸਾਲ ਤੋਂ ਰਹਿੰਦਾ ਸੀ। ਉਹ ਹਾਰਬਰ ਲਾਈਨ ਦੇ ਰੇਲਵੇ ਸਟੇਸ਼ਨਾਂ 'ਤੇ ਭੀਖ ਮੰਗਦਾ ਸੀ। ਬਾਕੀ ਝੁੱਗੀਆਂ 'ਚ ਰਹਿਣ ਵਾਲੇ ਕਈ ਦੂਜੇ ਭਿਖਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਅੰਦਾਜਾ ਵੀ ਨਹੀਂ ਹੋਇਆ ਕਿ ਆਜ਼ਾਦ ਕੋਲ ਇੰਨੇ ਪੈਸੇ ਹਨ।