LBW ਆਊਟ ਦੇਣ ''ਤੇ ਭੜਕਿਆ ਬੱਲੇਬਾਜ਼! ਅੰਪਾਇਰ ਦੇ ਸਿਰ ''ਤੇ ਮਾਰਿਆ ਬੈਟ, ਪੁਲਸ ਨੇ ਕੀਤਾ ਗ੍ਰਿਫ਼ਤਾਰ
Sunday, Aug 23, 2026 - 07:23 PM (IST)
ਨੈਸ਼ਨਲ ਡੈਸਕ : ਮੁੰਬਈ ਦੇ ਬੋਰੀਵਲੀ ਇਲਾਕੇ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਲ 1990 ਤੋਂ ਫ਼ਰਾਰ ਚੱਲ ਰਹੇ ਇੱਕ ਮੁਲਜ਼ਮ ਨੂੰ ਪੁਲਸ ਨੇ 36 ਸਾਲਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇੱਕ ਕ੍ਰਿਕਟ ਮੈਚ ਦੌਰਾਨ ਹੋਏ ਵਿਵਾਦ ਤੋਂ ਬਾਅਦ ਇਸ ਵਿਅਕਤੀ ਨੇ ਅੰਪਾਇਰ 'ਤੇ ਹਮਲਾ ਕਰ ਦਿੱਤਾ ਸੀ ਅਤੇ ਉਦੋਂ ਤੋਂ ਹੀ ਉਹ ਲਗਾਤਾਰ ਫ਼ਰਾਰ ਚੱਲ ਰਿਹਾ ਸੀ।
ਇਹ ਮਾਮਲਾ ਸਾਲ 1990 ਦਾ ਹੈ, ਜਦੋਂ ਮੁੰਬਈ ਦੇ ਬੋਰੀਵਲੀ ਵਿੱਚ ਇੱਕ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਸੀ। ਮੈਚ ਦੌਰਾਨ ਅੰਪਾਇਰ ਨੇ ਬੱਲੇਬਾਜ਼ ਓਮਪ੍ਰਕਾਸ਼ ਪਾਸੀ (ਜਿਸ ਦੀ ਉਮਰ ਹੁਣ 55 ਸਾਲ ਹੈ) ਨੂੰ ਐਲ.ਬੀ.ਡਬਲਯੂ. ਆਊਟ ਕਰਾਰ ਦੇ ਦਿੱਤਾ ਸੀ। ਅੰਪਾਇਰ ਦੇ ਇਸ ਫ਼ੈਸਲੇ ਤੋਂ ਨਾਰਾਜ਼ ਹੋ ਕੇ ਪਾਸੀ ਦੀ ਅੰਪਾਇਰ ਨਾਲ ਬਹਿਸ ਹੋ ਗਈ, ਜੋ ਦੇਖਦੇ ਹੀ ਦੇਖਦੇ ਹਿੰਸਕ ਰੂਪ ਧਾਰਨ ਕਰ ਗਈ। ਗੁੱਸੇ ਵਿੱਚ ਆ ਕੇ ਪਾਸੀ ਨੇ ਅੰਪਾਇਰ ਦੇ ਸਿਰ 'ਤੇ ਕ੍ਰਿਕਟ ਬੈਟ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਹਮਲੇ ਕਾਰਨ ਅੰਪਾਇਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਪੁਲਸ ਨੇ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਬੋਰੀਵਲੀ ਪੁਲਸ ਸਟੇਸ਼ਨ ਵਿੱਚ ਪਾਸੀ ਖ਼ਿਲਾਫ਼ ਇਰਾਦਾ-ਏ-ਕਤਲ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਲੰਬੇ ਸਮੇਂ ਤੱਕ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ। ਹਾਲ ਹੀ ਵਿੱਚ ਕ੍ਰਾਈਮ ਪ੍ਰੀਵੈਂਸ਼ਨ ਸਕੁਐਡ ਨੇ ਤਕਨੀਕੀ ਜਾਂਚ ਦੇ ਜ਼ਰੀਏ ਦੁਬਾਰਾ ਉਸਦੀ ਭਾਲ ਸ਼ੁਰੂ ਕੀਤੀ। 'ਸੰਚਾਰ ਸਾਥੀ' ਪ੍ਰਣਾਲੀ ਦੀ ਮਦਦ ਨਾਲ ਪੁਲਸ ਨੂੰ ਮੁਲਜ਼ਮ ਦੇ ਨਾਮ 'ਤੇ ਦਰਜ ਇੱਕ ਸਰਗਰਮ ਮੋਬਾਈਲ ਨੰਬਰ ਮਿਲਿਆ, ਜਿਸ ਦੀ ਲੋਕੇਸ਼ਨ ਮੀਰਾ ਰੋਡ ਵਿੱਚ ਦਿਖਾਈ ਦੇ ਰਹੀ ਸੀ।
ਜਦੋਂ ਪੁਲਸ ਦੀ ਟੀਮ ਮੀਰਾ ਰੋਡ ਪਹੁੰਚੀ ਅਤੇ ਉੱਥੇ ਸਥਾਨਕ ਲੋਕਾਂ ਤੋਂ ਓਮਪ੍ਰਕਾਸ਼ ਪਾਸੀ ਬਾਰੇ ਪੁੱਛਗਿੱਛ ਸ਼ੁਰੂ ਕੀਤੀ, ਤਾਂ ਇੱਕ ਅਨੋਖਾ ਮੋੜ ਸਾਹਮਣੇ ਆਇਆ। ਪੁਲਸ ਅਸਲ ਵਿੱਚ ਜਿਸ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਸੀ, ਉਹ ਕੋਈ ਹੋਰ ਨਹੀਂ, ਬਲਕਿ ਖੁਦ ਓਮਪ੍ਰਕਾਸ਼ ਪਾਸੀ ਹੀ ਸੀ। ਪੁਲਸ ਨੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਮੁਸਜ਼ਮ ਨੇ 1990 ਦੀ ਇਸ ਘਟਨਾ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
